ਪੱਤਰ ਪ੍ਰੇਰਕ, ਜਲੰਧਰ : ਪਠਾਨਕੋਟ 'ਚ ਸ਼ਨਿਚਰਵਾਰ ਤੇ ਐਤਵਾਰ ਏਅਰਫੋਰਸ ਬੇਸ 'ਤੇ ਹੋਏ ਫਿਦਾਈਨ ਹਮਲੇ ਕਾਰਨ ਦੇਸ਼ 'ਚ ਹਾਈ ਅਲਰਟ ਕੀਤਾ ਗਿਆ ਸੀ। ਐਤਵਾਰ ਸਵੇਰੇ ਦਿੱਲੀ ਸਟੇਸ਼ਨ ਸਮੇਤ ਕਈ ਰੇਲ ਗੱਡੀਆਂ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ, ਜਿਸ ਬਾਅਦ ਸਾਰੇ ਰੇਲਵੇ ਸਟੇਸ਼ਨਾਂ 'ਤੇ ਹਾਈ ਅਲਰਟ ਜਾਰੀ ਕੀਤਾ ਗਿਆ। ਪਰ ਇਸ ਦੇ ਬਾਵਜੂਦ ਜਲੰਧਰ ਰੇਲਵੇ ਸਟੇਸ਼ਨ 'ਤੇ ਕੋਈ ਪੁਲਸ ਮੁਲਾਜ਼ਮ ਤਾਇਨਾਤ ਨਹੀਂ ਸੀ। ਸਟੇਸ਼ਨ ਦੇ ਐਂਟਰੀ ਗੇਟ ਸਮੇਤ ਸਟੇਸ਼ਨ ਦੇ ਅੰਦਰ ਪੁਲਸ ਪੋਸਟ 'ਚ ਕੋਈ ਮੁਲਾਜ਼ਮ ਤਾਇਨਾਤ ਨਹੀਂ ਸੀ।
ਹਾਲਾਂਕਿ ਪਲੇਟਫਾਰਮ-2 'ਤੇ ਪੁਲਸ ਮੁਲਾਜ਼ਮ ਆਪਣੇ ਹੱਥਿਆਰ 'ਡੰਡਾ' ਨਾਲ ਤਾਇਨਾਤ ਸਨ ਜੋ ਧੁੱਪ ਸੇਕਣ 'ਚ ਹੀ ਵਿਅਸਤ ਦਿਸੇ। ਕੋਈ ਵੀ ਕਿਧਰਿਓਂ ਵੀ ਸਟੇਸ਼ਨ ਅੰਦਰ ਆ-ਜਾ ਰਿਹਾ ਸੀ, ਜਿਨ੍ਹਾਂ ਨੂੰ ਰੋਕਣ ਜਾਂ ਉਨ੍ਹਾਂ ਦਾ ਸਾਮਾਨ ਚੈੱਕ ਕਰਨ ਲਈ ਕੋਈ ਮੁਲਾਜ਼ਮ ਤਾਇਨਾਤ ਨਹੀਂ ਸੀ। ਹਾਲਾਂਕਿ ਆਰਪੀਐਫ ਥਾਣਾ ਇੰਚਾਰਜ ਸਤਬੀਰ ਸਿੰਘ ਤੇ ਜੀਆਰਪੀ ਇੰਚਾਰਜ ਇੰਸਪੈਕਟਰ ਧਰਮਿੰਦਰ ਕਲਿਆਣ ਨੇ ਆਪਣੀ-ਆਪਣੀ ਪੁਲਸ ਪਾਰਟੀ ਨਾਲ ਚੈਕਿੰਗ ਕੀਤੀ। ਇਸ ਦੌਰਾਨ ਉਨ੍ਹਾਂ ਰੇਲ ਗੱਡੀਆਂ ਅੰਦਰ ਤੇ ਪਲੇਟਫਾਰਮ ਸਮੇਤ ਮੁਸਾਫਰਾਂ ਦੀ ਚੈਕਿੰਗ ਕੀਤੀ।