ਸੈਫ ਫੁੱਟਬਾਲ
-ਫਾਈਨਲ 'ਚ ਅਫ਼ਗਾਨਿਸਤਾਨ ਨੂੰ 2-1 ਨਾਲ ਹਰਾਇਆ
-ਰਿਕਾਰਡ ਸੱਤਵੀਂ ਵਾਰ ਖ਼ਿਤਾਬ 'ਤੇ ਕੀਤਾ ਕਬਜ਼ਾ
ਤਿਰੂਵੰਨਤਪੁਰਮ (ਏਜੰਸੀ) : ਕਪਤਾਨ ਸੁਨੀਲ ਛੇਤਰੀ ਵੱਲੋਂ ਵਾਧੂ ਸਮੇਂ ਵਿਚ ਕੀਤੇ ਗਏ ਫ਼ੈਸਲਾਕੁਨ ਗੋਲ ਦੀ ਮਦਦ ਨਾਲ ਭਾਰਤ ਨੇ ਐਤਵਾਰ ਨੂੰ ਮਜ਼ਬੂਤ ਅਫ਼ਗਾਨਿਸਤਾਨ ਦੀ ਟੀਮ ਨੂੰ 2-1 ਨਾਲ ਮਾਤ ਦਿੰਦੇ ਹੋਏ ਸੈਫ ਫੁੱਟਬਾਲ ਚੈਂਪੀਅਨਸ਼ਿਪ ਦਾ ਖ਼ਿਤਾਬ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਭਾਰਤ ਨੇ 2013 ਵਿਚ ਖੇਡੇ ਗਏ ਪਿਛਲੇ ਐਡੀਸ਼ਨ ਦੇ ਖ਼ਿਤਾਬੀ ਮੁਕਾਬਲੇ ਵਿਚ ਅਫ਼ਗਾਨਿਸਤਾਨ ਦੇ ਹੱਥੋਂ ਮਿਲੀ ਹਾਰ ਦਾ ਹਿਸਾਬ ਵੀ ਬਰਾਬਰ ਕਰ ਲਿਆ। ਭਾਰਤ ਵੱਲੋਂ ਛੇਤਰੀ (101ਵੇਂ ਮਿੰਟ) ਅਤੇ ਜੇਜੇ ਲਾਲਪੇਖਲੁਆ (72ਵੇਂ ਮਿੰਟ) ਨੇ ਇਕ-ਇਕ ਗੋਲ ਕੀਤੇ ਜਦਕਿ ਪਿਛਲੇ ਚੈਂਪੀਅਨ ਅਫ਼ਗਾਨਿਸਤਾਨ ਵੱਲੋਂ ਜੁਬੈਰ ਆਮਿਰੀ (71ਵੇਂ ਮਿੰਟ) ਨੇ ਇੱਕੋ-ਇਕ ਗੋਲ ਕੀਤਾ। ਵਿਸ਼ਵ ਵਿਚ 166ਵੀਂ ਰੈਂਕਿੰਗ ਦੀ ਭਾਰਤੀ ਟੀਮ ਦੀ ਆਪਣੇ ਤੋਂ ਬਿਹਤਰ ਰੈਂਕਿੰਗ ਵਾਲੀ ਅਫ਼ਗਾਨੀ ਟੀਮ (150) 'ਤੇ ਜਿੱਤ 'ਚ ਗੋਲਕੀਪਰ ਗੁਰਪ੍ਰੀਤ ਸਿੰਘ ਦਾ ਯੋਗਦਾਨ ਸ਼ਲਾਘਾਯੋਗ ਰਿਹਾ ਜਿਨ੍ਹਾਂ ਨੇ ਕਈ ਸ਼ਾਨਦਾਰ ਬਚਾਅ ਕੀਤੇ ਜਿਸ ਦੀ ਬਦੌਲਤ ਭਾਰਤ ਨੇ ਸੈਫ ਕੱਪ ਦਾ ਰਿਕਾਰਡ ਸੱਤਵੀਂ ਵਾਰ ਖ਼ਿਤਾਬ ਜਿੱਤਿਆ।
ਕੋਚ ਸਟੀਫਨ ਕਾਂਸਟੇਨਟਾਈਨ ਦੀ ਟੀਮ ਹੋਰ ਵੀ ਵੱਡੇ ਫ਼ਰਕ ਨਾਲ ਜਿੱਤ ਹਾਸਲ ਕਰਦੀ ਜੇ ਉਸ ਦੇ ਖਿਡਾਰੀਆਂ ਨੇ ਕਈ ਆਸਾਨ ਮੌਕੇ ਗਵਾਏ ਨਾ ਹੁੰਦੇ। ਕਾਂਸਟੇਨਟਾਈਨ ਦੇ ਪਿਛਲੇ ਸਾਲ ਭਾਰਤੀ ਟੀਮ ਨਾਲ ਜੁੜਨ ਤੋਂ ਬਾਅਦ ਤੋਂ ਕਿਸੇ ਅੰਤਰਰਾਸ਼ਟਰੀ ਟੂਰਨਾਮੈਂਟ ਵਿਚ ਇਹ ਭਾਰਤ ਦੀ ਪਹਿਲੀ ਜਿੱਤ ਹੈ।
ਲੀਗ ਗੇੜ ਵਿਚ ਅਜੇਤੂ ਰਹੀਆਂ ਦੋਵਾਂ ਟੀਮਾਂ ਨੇ ਖੇਡ ਦੀ ਸ਼ੁਰੂਆਤ ਹਮਲਾਵਰ ਰਵੱਈਏ ਦੇ ਨਾਲ ਕੀਤੀ। ਦੋਵਾਂ ਹੀ ਟੀਮਾਂ ਨੇ ਕਈ ਮੌਕੇ ਬਣਾਏ। ਭਾਰਤ ਕਈ ਵਾਰ ਗੇਂਦ ਲੈ ਕੇ ਵਿਰੋਧੀ ਦੇ 'ਡੀ' ਵਿਚ ਪੁੱਜਾ ਪਰ ਗੋਲ ਨਾ ਕਰ ਸਕਿਆ ਅਤੇ ਪਹਿਲਾ ਹਾਫ 0-0 ਦੀ ਬਰਾਬਰੀ 'ਤੇ ਸਮਾਪਤ ਹੋਇਆ। ਦੂਜੇ ਹਾਫ ਵਿਚ ਦੋ ਮਿੰਟ ਦੇ ਅੰਦਰ ਦੋਵਾਂ ਹੀ ਟੀਮਾਂ ਨੇ ਇਕ-ਇਕ ਗੋਲ ਕਰ ਕੇ ਸਟੇਡੀਅਮ ਵਿਚ ਬੈਠੇ ਲੋਕਾਂ ਨੂੰ ਰੋਮਾਂਚ ਨਾਲ ਭਰ ਦਿੱਤਾ। 1-1 ਦੇ ਸਕੋਰ 'ਤੇ ਹੀ ਫੁੱਲਟਾਈਮ ਦਾ ਖੇਡ ਹੋ ਗਿਆ ਅਤੇ ਫ਼ੈਸਲੇ ਲਈ ਅੱਧੇ ਘੰਟੇ ਦਾ ਵਾਧੂ ਸਮਾਂ ਦਿੱਤਾ ਗਿਆ। ਵਾਧੂ ਸਮੇਂ ਦੇ ਪਹਿਲੇ ਹੀ ਹਾਫ ਵਿਚ ਛੇਤਰੀ ਨੇ ਕਾਊਂਟਰ ਅਟੈਕ 'ਤੇ ਗੋਲ ਕਰਕੇ ਭਾਰਤ ਨੂੰ 2-1 ਦੀ ਲੀਡ ਦਿਵਾ ਦਿੱਤੀ ਅਤੇ ਟੀਮ ਨੇ ਇਸ ਲੀਡ ਨੂੰ ਆਖ਼ਰ ਤਕ ਬਰਕਰਾਰ ਰੱਖਿਆ।