ਸਟਾਫ ਰਿਪੋਰਟਰ, ਲੁਧਿਆਣਾ : ਆਖਰਕਾਰ ਜਨਵਰੀ ਮਹੀਨੇ ਦੇ ਪਹਿਲੇ ਹਫ਼ਤੇ 'ਚ ਪੱਛਮੀ ਗੜਬੜੀ ਵਾਲੀਆਂ ਹਵਾਵਾਂ ਪੰਜਾਬ 'ਚ ਦਾਖ਼ਲ ਹੋ ਹੀ ਗਈਆਂ। ਮੌਸਮ ਤੇ ਖੇਤੀਬਾੜੀ ਵਿਗਿਆਨੀ ਕਾਫੀ ਵੇਲੇ ਤੋਂ ਇਨ੍ਹਾਂ ਦੀ ਉਡੀਕ ਕਰ ਰਹੇ ਸਨ। ਕਿਉਂਕਿ ਪੱਛਮੀ ਗੜਬੜੀ ਵਾਲੀਆਂ ਹਵਾਵਾਂ ਦੇ ਸਰਗਰਮ ਹੋਣ ਨਾਲ ਪੰਜਾਬ ਵਿਚ ਬਾਰਸ਼ ਦੀ ਸੰਭਾਵਨਾ ਵਧ ਗਈ ਹੈ। ਬਾਰਸ਼ ਹੋਈ ਤਾਂ ਠੰਢ ਵਧਣ ਨਾਲ ਕਣਕ ਤੇ ਗਰਮ ਕੱਪੜਿਆਂ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀਆਂ ਲਈ ਰਾਹਤ ਲੈ ਕੇ ਆਵੇਗੀ। ਸੋਮਵਾਰ ਨੂੰ ਜਿਵੇਂ ਹੀ ਪੱਛਮੀ ਗੜਬੜੀ ਵਾਲੀਆਂ ਹਵਾਵਾਂ ਸਰਗਰਮ ਹੋਈਆਂ ਤਾਂ ਬੱਦਲਾਂ ਨੇ ਅਸਮਾਨ ਵਿਚ ਆਪਣਾ ਡੇਰਾ ਜਮਾ ਲਿਆ। ਦਿਨ ਭਰ ਸੂਰਜ ਦੇ ਬੱਦਲਾਂ ਓਹਲੇ ਲੁਕੇ ਰਹਿਣ ਨਾਲ ਠੰਢ ਦਾ ਅਹਿਸਾਸ ਹੋਰ ਵਧ ਗਿਆ। ਧੁੰਦ ਨੇ ਵੀ ਸਵੇਰ ਵੇਲੇ ਆਪਣੀ ਹਾਜ਼ਰੀ ਲਵਾਈ ਅਤੇ ਪਾਰਾ ਹੋਰ ਹੇਠਾਂ ਡਿੱਗ ਗਿਆ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਕੂਲ ਆਲ ਕਲਾਈਮੇਟ ਚੇਂਜ ਐਂਡ ਐਗਰੀਕਲਚਰਲ ਮੈਟ੫ੋਲਾਜੀ ਡਿਪਾਰਟਮੈਂਟ ਦੀ ਡਾਇਰੈਕਟਰ ਡਾ. ਐਲਕੇ ਧਾਲੀਵਾਲ ਮੁਤਾਬਕ ਸੋਮਵਾਰ ਨੂੰ ਵੱਧ ਤੋਂ ਵੱਧ ਤਾਪਮਾਨ 20.4 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਸਵੇਰ ਦੇ ਸਮੇਂ ਨਮੀ ਦੀ ਮਾਤਰਾ 94 ਫ਼ੀਸਦੀ ਦਰਜ ਕੀਤੀ ਗਈ। ਡਾ. ਧਾਲੀਵਾਲ ਮੁਤਾਬਕ ਪੱਛਮੀ ਗੜਬੜੀ ਵਾਲੀਆਂ ਹਵਾਵਾਂ ਦੇ ਸਰਗਰਮ ਹੋਣ ਨਾਲ ਅਗਾਮੀ 24 ਘੰਟਿਆਂ ਦੌਰਾਨ ਬੱਦਲ ਛਾਏ ਰਹਿਣ ਤੇ ਬਾਰਸ਼ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ 7 ਤੇ 8 ਜਨਵਰੀ ਨੂੰ ਵੀ ਪੱਛਮੀ ਗੜਬੜੀ ਵਾਲੀਆਂ ਹਵਾਵਾਂ ਦੀ ਵਜ੍ਹਾ ਨਾਲ ਬੱਦਲ ਛਾਏ ਰਹਿਣ ਤੇ ਬਾਰਸ਼ ਹੋ ਸਕਦੀ ਹੈ।