-22 ਤੇ 25 ਜਨਵਰੀ ਨੂੰ ਕੀਤੀ ਜਾਵੇਗੀ ਕਲਮ ਛੱਡ ਹੜਤਾਲ
ਜੇਐਨਐਨ, ਕਪੂਰਥਲਾ : ਪੰਜਾਬ ਸਟੇਟ ਮਨੀਸਟਰੀਅਲ ਐਸੋਸੀਏਸ਼ਨ ਜ਼ਿਲ੍ਹਾ ਕਪੂਰਥਲਾ ਯੂਨਿਟ ਵੱਲੋਂ ਜ਼ਿਲ੍ਹਾ ਖ਼ਜ਼ਾਨਾ ਦਫ਼ਤਰ ਦੇ ਮਨੀਸਟਰੀਅਲ ਮੈਂਬਰ ਜੈਮਲ ਸਿੰਘ ਉੱਚਾ ਨੂੰ ਨਾਜਾਇਜ਼ ਤੌਰ 'ਤੇ ਜ਼ਿਲ੍ਹਾ ਖ਼ਜ਼ਾਨਾ ਅਫਸਰ ਦੀ ਸਾਜ਼ਿਸ਼ ਦੇ ਤਹਿਤ ਮੁਅੱਤਲ ਕੀਤੇ ਜਾਣ 'ਤੇ ਰੋਸ ਵਜੋਂ ਵੱਖ-ਵੱਖ ਵਿਭਾਗਾਂ ਦੇ ਮਨੀਸਟੀਰਅਲ ਮੁਲਾਜ਼ਮਾਂ ਵੱਲੋਂ ਕਾਲੇ ਬਿੱਲੇ ਲਗਾ ਕੇ ਰੋਸ ਪ੍ਰਗਟਾਇਆ ਗਿਆ। ਇਸ ਮੌਕੇ ਵੱਖ-ਵੱਖ ਦਫ਼ਤਰਾਂ ਦਾ ਦੌਰਾ ਕੀਤਾ ਗਿਆ, ਜਿਨ੍ਹਾਂ 'ਚ ਜ਼ਿਲ੍ਹਾ ਪ੍ਰਧਾਨ ਸਤਬੀਰ ਸਿੰਘ, ਜ਼ਿਲ੍ਹਾ ਚੇਅਰਮੈਨ ਹਰਜੀਤ ਸਿੰਘ ਭਾਟੀਆ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਓਂਕਾਰ ਸਿੰਘ, ਜਨਰਲ ਸਕੱਤਰ ਜੈਮਲ ਸਿੰਘ ਉੱਚਾ, ਖ਼ਜ਼ਾਨਚੀ ਰਜਿੰਦਰ ਸਿੰਘ, ਆਬਕਾਰੀ ਤੇ ਕਰ ਵਿਭਾਗ ਦੇ ਪ੍ਰਧਾਨ ਬਖ਼ਸ਼ੀਸ਼ ਸਿੰਘ, ਲੋਕ ਨਿਰਮਾਣ ਵਿਭਾਗ ਦੇ ਪ੍ਰਧਾਨ ਹਰਮਿੰਦਰ ਕੁਮਾਰ ਨੇ ਦੱਸਿਆ ਕਿ ਮੁਲਾਜ਼ਮਾਂ 'ਚ ਇਸ ਗੱਲ ਦਾ ਰੋਸ ਪਾਇਆ ਗਿਆ। ਮੈਂਬਰਾਂ ਨੇ ਕਿਹਾ ਕਿ ਜਦੋਂ ਤਕ ਜੈਮਲ ਸਿੰਘ ਨੂੰ ਬਹਾਲ ਨਹੀਂ ਕੀਤਾ ਜਾਂਦਾ, ਮੈਂਬਰਾਂ ਵੱਲੋਂ ਇਹ ਸੰਘਰਸ਼ ਜਾਰੀ ਰੱਖਿਆ ਜਾਵੇਗਾ ਅਤੇ 22 ਤੇ 25 ਜਨਵਰੀ ਨੂੰ ਦੋ ਦਿਨ ਕਲਮ ਛੱਡ ਹੜਤਾਲ ਕਰ ਕੇ ਸਾਰੇ ਦਫ਼ਤਰਾਂ ਦਾ ਕੰਮਕਾਜ ਠੱਪ ਕਰ ਰੋਸ ਪ੍ਰਗਟਾਇਆ ਜਾਵੇਗਾ।