ਪੱਤਰ ਪ੍ਰੇਰਕ, ਜਲੰਧਰ : ਪਿੰਡ ਡੁਗਰੀ-ਰਸੂਲਪੁਰ ਦੇ ਕੱਚੇ ਰਸਤੇ 'ਤੇ 4 ਦਸੰਬਰ ਨੂੰ ਸਵਿਫਟ ਕਾਰ 'ਚ ਹੋਏ ਬੰਬ ਧਮਾਕੇ 'ਚ ਮਾਰੇ ਗਏ ਅਜੇ ਸ਼ਰਮਾ ਉਰਫ ਬਿੱਟੂ ਦੇ ਮਾਮਲੇ 'ਚ ਬੰਬ ਦੇਣ ਵਾਲੇ ਲੋਕਾਂ ਦੀ ਭਾਲ 'ਚ ਪੁਲਸ ਜੁਟੀ ਹੋਈ ਹੈ ਪਰ ਹਾਲੇ ਤਕ ਕੋਈ ਸੁਰਾਗ ਹੱਥ ਨਹੀਂ ਆਇਆ। ਉਧਰ, ਨਾਮਜਦ ਹੋਏ ਤਿੰਨ ਹੋਰ ਲੋਕਾਂ ਦੀ ਗਿ੍ਰਫ਼ਤਾਰੀ ਲਈ ਪੁਲਸ ਨੇ ਛਾਪੇਮਾਰੀ ਕੀਤੀ ਪਰ ਪੁਲਸ ਨੇ ਕਿਸੇ ਦੀ ਵੀ ਗਿ੍ਰਫ਼ਤਾਰੀ ਨਹੀਂ ਵਿਖਾਈ ਹੈ। ਪੁਲਸ ਦਾ ਕਹਿਣਾ ਹੈ ਕਿ ਤਿੰਨਾਂ ਨੂੰ ਛੇਤੀ ਹੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ।
- ਇਹ ਹੈ ਮਾਮਲਾ
ਕਿਸ਼ਨਗੜ੍ਹ-ਕਰਤਾਰਪੁਰ ਨੇੜੇ 4 ਦਸੰਬਰ ਨੂੰ ਸਵਿਫਟ ਕਾਰ 'ਚ ਧਮਾਕਾ ਹੋ ਜਾਣ ਕਾਰਨ ਕਪੜਾ ਵਪਾਰੀ ਅਜੇ ਦੀ ਮੌਤ ਹੋ ਗਈ ਸੀ। ਉਸ ਦੇ ਨਾਲ ਬੈਠੇ ਜ਼ਖ਼ਮੀ ਜਗਮੋਹਨ ਨੇ ਬਿਆਨ ਦਿੱਤਾ ਸੀ ਕਿ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਉਨ੍ਹਾਂ ਦੀ ਕਾਰ 'ਚ ਕਾਰ 'ਚ ਬੰਬਨੂਮਾ ਚੀਜ਼ ਸੁੱਟੀ ਜਿਸ ਕਾਰਨ ਧਮਾਕਾ ਹੋਇਆ। ਬਾਅਦ 'ਚ ਪੁਲਸ ਨੇ ਅਜੇ ਦੀ ਪਤਨੀ ਦੇ ਬਿਆਨਾਂ 'ਤੇ ਜਗਮੋਹਨ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕੀਤਾ ਸੀ। ਬੀਤੇ ਦਿਨੀ ਪੁਲਸ ਨੇ ਜਗਮੋਹਨ ਦੇ ਦੋਸਤ ਤੇ ਗੁਰੂ ਭਰਾ ਹਰਦੀਪ ਨੂੰ ਗਿ੍ਰਫ਼ਤਾਰ ਕੀਤਾ ਤਾਂ ਉਨ੍ਹਾਂ ਦੱਸਿਆ ਹਰਿਆਣਾ 'ਚ ਬੰਬ ਬਣਾਉਣ ਦੀ ਸਮੱਗਰੀ ਲਿਆਂਦੀ ਗਈ ਸੀ। ਇਕ ਧਰਮ ਗੁਰੂ ਤੇ ਸਿਆਸਤ ਨਾਲ ਜੁੜੇ ਵਿਅਕਤੀ ਨੂੰ ਬੰਬ ਨਾਲ ਉਡਾਉਣ ਦੀ ਸਾਜਿਸ਼ ਸੀ, ਜਿਸ ਦੇ ਚੱਲਦੇ ਅਜੇ ਸ਼ਰਮਾ ਉਰਫ ਬਿੱਟੂ ਨੂੰ ਮਨੁੱਖੀ ਬੰਬ ਬਣਾਏ ਜਾਣ ਦੀ ਤਿਆਰੀ ਸੀ, ਜਿਸ ਥਾਂ 'ਤੇ ਧਮਾਕਾ ਹੋਇਆ ਉਥੇ ਬੰਬ ਨੂੰ ਟੈਸਟ ਕੀਤਾ ਜਾ ਰਿਹਾ ਸੀ ਕਿ ਧਮਾਕਾ ਹੋ ਗਿਆ ਤੇ ਅਜੇ ਦੀ ਮੌਤ ਹੋ ਗਈ।