ਸਟੇਟ ਬਿਊਰੋ, ਸ੍ਰੀਨਗਰ : ਵਾਦੀ 'ਚ ਸ਼ੁੱਕਰਵਾਰ ਦਾ ਦਿਨ ਹਿੰਸਕ ਪ੍ਰਦਰਸ਼ਨਾਂ ਦੇ ਨਾਂ ਰਿਹਾ। ਉੱਤਰੀ ਕਸ਼ਮੀਰ ਦੇ ਹਾਜਿਨ (ਬਾਂਡੀਪੋਰਾ) 'ਚ ਮੁਕਾਬਲੇ ਦੌਰਾਨ ਮਾਰੇ ਗਏ ਤਿੰਨ ਲਸ਼ਕਰ ਅੱਤਵਾਦੀਆਂ ਦੀਆਂ ਲਾਸ਼ਾਂ ਲੈਣ ਲਈ ਜਿੱਥੇ ਲੋਕ ਹਿੰਸਾ 'ਤੇ ਉਤਰ ਆਏ, ਉਥੇ ਸ੍ਰੀਨਗਰ ਵਿਚ ਨਮਾਜ਼-ਏ-ਜੁੰਮਾ ਤੋਂ ਬਾਅਦ ਪਾਕਿਸਤਾਨ ਜ਼ਿੰਦਾਬਾਦ, ਅਸੀਂ ਕੀ ਚਾਹੁੰਦੇ ਆਜ਼ਾਦੀ ਦੇ ਨਾਅਰੇ ਲਗਾਉਂਦੀ ਭੀੜ ਵੀ ਹਿੰਸਕ ਹੋ ਉੱਠੀ। ਇਸ ਦੌਰਾਨ ਭੀੜ ਵਿਚ ਸ਼ਾਮਲ ਕਈ ਨੌਜਵਾਨਾਂ ਨੇ ਪਾਕਿਸਤਾਨ, ਆਈਐਸ ਅਤੇ ਹਿਜਬੁਲ ਮੁਜਾਹੀਦੀਨ ਦੇ ਝੰਡੇ ਤੇ ਅੱਤਵਾਦੀ ਕਮਾਂਡਰਾਂ ਦੇ ਪੋਸਟਰ ਵੀ ਲਹਿਰਾਏ। ਬਾਂਡੀਪੋਰਾ ਤੇ ਸ੍ਰੀਨਗਰ ਵਿਚ ਦਿਨ ਭਰ ਪੁਲਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹੋਈਆਂ ਝੜਪਾਂ ਵਿਚ 12 ਲੋਕ ਜ਼ਖ਼ਮੀ ਹੋ ਗਏ।
ਇਤਿਹਾਸਕ ਜਾਮੀਆ ਮਸਜਿਦ ਵਿਚ ਦੁਪਹਿਰ ਦੀ ਨਮਾਜ਼ ਤੋਂ ਬਾਅਦ ਨਮਾਜ਼ੀ ਬਾਹਰ ਨਿਕਲੇ ਤਾਂ ਉਥੇ ਭਾਰਤ ਵਿਰੋਧੀ ਨਾਅਰੇਬਾਜ਼ੀ ਸ਼ੁਰੂ ਹੋ ਗਈ। ਪਾਕਿਸਤਾਨ ਅਤੇ ਅੱਤਵਾਦੀ ਸੰਗਠਨਾਂ ਦੇ ਝੰਡੇ ਅਤੇ ਬੈਨਰ ਵੀ ਨਿਕਲ ਆਏ। ਪੁਲਸ ਮੁਲਾਜ਼ਮਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਜਾਮੀਆ ਮਸਜਿਦ ਦੀ ਬਾਹਰੀ ਕੰਪਲੈਕਸ ਵਿਚ ਹੀ ਰੋਕਣ ਦੀ ਕੋਸ਼ਿਸ਼ ਕੀਤੀ। ਇਸ 'ਤੇ ਪ੍ਰਦਰਸ਼ਨਕਾਰੀਆਂ ਨੇ ਪੁਲਸ ਦੀਆਂ ਰੁਕਾਵਟਾਂ ਨੂੰ ਪਾਰ ਕਰਦੇ ਹੋਏ ਪਥਰਾਅ ਸ਼ੁਰੂ ਕਰ ਦਿੱਤਾ। ਭੀੜ ਨੂੰ ਹਿੰਸਾ 'ਤੇ ਉਤਰਦੇ ਵੇਖ ਪੁਲਸ ਮੁਲਾਜ਼ਮਾਂ ਨੇ ਵੀ ਲਾਠੀਆਂ ਅਤੇ ਅੱਥਰੂ ਗੈਸ ਦਾ ਸਹਾਰਾ ਲਿਆ। ਇਸ ਤੋਂ ਬਾਅਦ ਨੌਹੱਟਾ, ਰਾਜੌਰੀਕਦਲ ਅਤੇ ਉਸਦੇ ਨਾਲ ਲੱਗਦੇ ਇਲਾਕਿਆਂ ਵਿਚ ਪੁਲਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ ਵਿਚ ਕਿਸੇ ਦੇ ਜ਼ਖ਼ਮੀ ਹੋਣ ਦੀ ਪੁਸ਼ਟੀ ਨਹੀਂ ਕੀਤੀ ਹੈ ਪਰ ਸੂਤਰਾਂ ਨੇ ਦੱਸਿਆ ਕਿ ਪਥਰਾਅ ਦੌਰਾਨ ਦੋ ਫੋਟੋਗ੍ਰਾਫਰਾਂ ਸਮੇਤ ਸੱਤ ਲੋਕ ਜ਼ਖ਼ਮੀ ਹੋਏ ਹਨ। ਦੇਰ ਸ਼ਾਮ ਪੁਲਸ ਨੇ ਕਿਸੇ ਤਰ੍ਹਾਂ ਦੀ ਸਥਿਤੀ 'ਤੇ ਕਾਬੂ ਪਾ ਕੇ ਇਲਾਕੇ ਵਿਚ ਵਿਵਸਥਾ ਬਹਾਲ ਕੀਤੀ।
ਓਧਰ, ਹਾਜਿਨ-ਬਾਂਡੀਪੋਰਾ ਅਤੇ ਉਸ ਨਾਲ ਲੱਗਦੇ ਇਲਾਕਿਆਂ ਵਿਚ ਹੜਤਾਲ ਰਹੀ। ਸਵੇਰੇ ਸੂਰਜ ਨਿਕਲਣ ਦੇ ਨਾਲ ਹੀ ਵੱਡੀ ਗਿਣਤੀ ਵਿਚ ਲੋਕ ਰਾਸ਼ਟਰ ਵਿਰੋਧੀ ਅਤੇ ਅੱਤਵਾਦ ਸਮਰਥਕ ਨਾਅਰੇਬਾਜ਼ੀ ਕਰਦੇ ਹੋਏ ਸੜਕਾਂ 'ਤੇ ਨਿਕਲ ਆਏ। ਇਨ੍ਹਾਂ ਲੋਕਾਂ ਨੇ ਹਾਜਿਨ ਪੁਲਸ ਸਟੇਸ਼ਨ ਦਾ ਰੁਖ਼ ਕੀਤਾ। ਨਾਅਰੇਬਾਜ਼ੀ ਕਰ ਰਹੇ ਲੋਕ ਪੁਲਸ ਨੇ ਬੀਤੇ ਵੀਰਵਾਰ ਨੂੰ ਮੁਕਾਬਲੇ ਦੌਰਾਨ ਮਾਰੇ ਗਏ ਤਿੰਨ ਅੱਤਵਾਦੀਆਂ ਦੀ ਲਾਸ਼ਾਂ ਦੀ ਮੰਗ ਕਰ ਰਹੇ ਸਨ। ਪੁਲਸ ਦੇ ਇਨਕਾਰ ਕਰਨ 'ਤੇ ਨਾਅਰੇਬਾਜ਼ੀ ਕਰ ਰਹੇ ਲੋਕ ਹਿੰਸਾ 'ਤੇ ਉਤਰ ਆਏ। ਉਨ੍ਹਾਂ ਪੁਲਸ ਮੁਲਾਜ਼ਮਾਂ ਨਾਲ ਕੁੱਟਮਾਰ ਕਰਦੇ ਹੋਏ ਪਥਰਾਅ ਸ਼ੁਰੂ ਕਰ ਦਿੱਤਾ। ਭੀੜ ਨੂੰ ਹਿੰਸਕ ਹੁੰਦੇ ਵੇਖ ਪੁਲਸ ਮੁਲਾਜ਼ਮਾਂ ਨੇ ਵੀ ਲਾਠੀਆਂ ਨਾਲ ਅੱਥਰੂ ਗੈਸ ਦਾ ਸਹਾਰਾ ਲਿਆ। ਇਸ ਤੋਂ ਬਾਅਦ ਪੁਲਸ ਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਹਿੰਸਕ ਝੜਪਾਂ ਦਾ ਦੌਰ ਸ਼ੁਰੂ ਹੋ ਗਿਆ।