ਜੇਐਨਐਨ, ਜਲੰਧਰ : ਇਨਕਮ ਟੈਕਸ ਵਿਭਾਗ ਦੇ ਇਨਵੈਸਟੀਗੇਸ਼ਨ ਵਿੰਗ ਨੇ ਸ਼ਹਿਰ ਦੇ 100 ਤੋਂ ਵੱਧ ਫਾਇਨਾਂਸਰਾਂ ਨੂੰ ਨੋਟਿਸ ਜਾਰੀ ਕੀਤੇ ਹਨ। ਨੋਟਿਸ ਮਿਲਣ ਨਾਲ ਫਾਇਨਾਂਸ ਦਾ ਕੰਮ ਕਰਨ ਵਾਲਿਆਂ 'ਚ ਭੜਥੂ ਪਿਆ ਹੈ। ਵਿਭਾਗ ਨੇ ਸਬੰਧਤ ਫਾਇਨਾਂਸਰਾਂ ਤੋਂ ਪਿਛਲੇ 6 ਸਾਲ ਦਾ ਆਮਦਨ ਰਿਕਾਰਡ ਤੇ ਲੈਣ ਦੇਣ ਦੀ ਜਾਣਕਾਰੀ ਦੇ ਨਾਲ ਪੁੱਛਗਿੱਛ 'ਚ ਸ਼ਾਮਲ ਹੋਣ ਲਈ ਕਿਹਾ ਹੈ। ਨੋਟਿਸ ਨੇ ਫਾਇਨਾਂਸਰਾਂ ਦੀ ਚਿੰਤਾ ਇਸ ਕਰਕੇ ਵਧਾ ਦਿੱਤੀ ਹੈ ਕਿਉਂਕਿ ਲਿਖਿਆ ਗਿਆ ਹੈ ਉਹ ਇਜ਼ਾਜਤ ਮਿਲਣ ਤਕ ਵਿਭਾਗ ਦਾ ਦਫ਼ਤਰ ਨਹੀਂ ਛੱਡ ਸਕਦੇ। ਦਰਅਸਲ ਬੈਕਿੰਗ ਦਾ ਲਾਇਸੰਸ ਲੈਣ ਵਾਲੀਆਂ ਫਰਮਾਂ ਨੂੰ ਹੀ ਕਰਜ਼ਾ ਦੇਣ ਦਾ ਅਧਿਕਾਰ ਹੈ। ਇਸ ਤੋਂ ਇਲਾਵਾ ਕੋਈ ਵੀ ਵਿਅਕਤੀ 20 ਹਜ਼ਾਰ ਤੋਂ ਜ਼ਿਆਦਾ ਫ੍ਰੈਂਡਲੀ ਲੋਨ ਨਹੀਂ ਦੇ ਸਕਦਾ ਹੈ, ਜਿਸ ਫਰਮ ਕੋਲ ਬੈਕਿੰਗ ਦਾ ਲਾਇਸੰਸ ਹੈ, ਉਹ ਲੋਨ ਦੇ ਸਕਦੀ ਹੈ। ਮਹਾਨਗਰ 'ਚ ਫਾਇਨਾਂਸ ਦਾ ਧੰਦਾ ਜ਼ੋਰਾਂ ਨਾਲ ਚੱਲ ਰਿਹਾ ਹੈ। ਮਹਾਂਨਗਰ 'ਚ ਕਈ ਅਜਿਹੇ ਫਾਇਨਾਂਸ ਹੈ, ਜੋ ਆਮਦਨ ਬਚਾਉਣ ਲਈ ਆਪਣੀ ਸਾਲਾਨਾ ਕਮਾਈ ਢਾਈ ਲੱਖ ਤੋਂ ਘੱਟ ਵਿਖਾਉਂਦੇ ਹਨ ਪਰ ਮਾਰਕੀਟ 'ਚ ਲੱਖਾਂ-ਕਰੋੜਾਂ ਰੁਪਏ ਵਿਆਜ਼ 'ਤੇ ਦਿੱਤੇ ਹਨ। ਆਖਰਕਾਰ ਇਹ ਪੈਸਾ ਆਇਆ ਕਿੱਥੋਂ ਵਿਭਾਗ ਇਸ ਬਾਰੇ ਪੁੱਛਗਿੱਛ ਕਰੇਗਾ।
↧