ਆਜ਼ਾਦ, ਸ਼ਾਹਕੋਟ/ਮਲਸੀਆਂ : ਸਰਕਾਰ ਪ੍ਰਾਇਮਰੀ ਸਕੂਲ ਕੰਨੀਆਂ ਖੁਰਦ (ਸ਼ਾਹਕੋਟ) ਨੂੰ ਚੋਰਾਂ ਨੇ ਇਕ ਵਾਰ ਫਿਰ ਨਿਸ਼ਾਨਾ ਬਣਾਕੇ ਮਿਡ-ਡੇ ਮੀਲ ਦੀ ਰਸੋਈ 'ਚੋਂ ਸਾਮਾਨ ਚੋਰੀ ਕਰ ਲਿਆ। ਇਸ ਤੋਂ ਪਹਿਲਾਂ ਵੀ ਚੋਰ ਮਿਡ-ਡੇ ਮੀਲ ਦੀ ਰਸੋਈ ਤੇ ਸਕੂਲ ਦੇ ਕਮਰਿਆਂ 'ਚ ਤਿੰਨ ਵਾਰ ਚੋਰੀ ਕਰ ਚੁੱਕੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਸਕੂਲ ਮੁਖੀ ਨੀਤੂ ਕਪੂਰ ਨੇ ਦੱਸਿਆ ਬੀਤੀ ਵੀਰਵਾਰ ਉਹ ਛੁੱਟੀ ਤੋਂ ਬਾਅਦ ਸਕੂਲ ਦੇ ਕਮਰਿਆਂ ਤੇ ਰਸੋਈ ਨੂੰ ਤਾਲੇ ਲਗਵਾਕੇ ਆਪਣੇ ਘਰ ਚਲੇ ਗਏ। ਸ਼ੁੱਕਰਵਾਰ ਤੋਂ ਐਤਵਾਰ ਤਕ ਤਿੰਨ ਦਿਨ ਛੁੱਟੀਆਂ ਹੋਣ ਕਾਰਨ ਸਕੂਲ ਬੰਦ ਰਿਹਾ। ਉਨ੍ਹਾਂ ਦੱਸਿਆ ਜਦੋਂ ਉਹ ਸੋਮਵਾਰ ਸਵੇਰੇ ਸਕੂਲ ਪੁੱਜੇ ਤਾਂ ਵੇਖਿਆ ਸਕੂਲ ਦੀ ਮਿਡ-ਡੇ ਮੀਲ ਵਾਲੀ ਰਸੋਈ ਦਾ ਤਾਲਾ ਟੁੱਟਾ ਪਿਆ ਸੀ ਤੇ ਚੋਰ ਰਸੋਈ 'ਚ ਪਿਆ ਗੈਸ ਸਿਲੰਡਰ ਤੇ ਵਾਟਰ ਫਿਲਟਰ (ਆਰਓ) ਚੋਰੀ ਕਰਕੇ ਲੈ ਗਏ।
ਉਨ੍ਹਾਂ ਦੱਸਿਆ ਪਿੱਛਲੀਆਂ ਤਿੰਨ ਵਾਰ ਹੋਈਆਂ ਚੋਰੀਆਂ ਉਪਰੰਤ ਉਨ੍ਹਾਂ ਆਪਣੇ ਕੋਲੋਂ ਪੈਸੇ ਖਰਚ ਕੇ ਵਧੀਆ ਤਾਲੇ ਲਗਵਾਏ ਸਨ। ਪਰ ਚੋਰਾਂ ਨੇ ਉਨ੍ਹਾਂ ਤਾਲਿਆਂ ਨੂੰ ਵੀ ਵੱਢ ਦਿੱਤਾ। ਉਨ੍ਹਾਂ ਦੱਸਿਆ ਇਸ ਘਟਨਾ ਬਾਰੇ ਜਦੋਂ ਪਿੰਡ ਦੀ ਪੰਚਾਇਤ ਤੇ ਸਕੂਲ ਮੈਨਜਮੈਂਟ ਕਮੇਟੀ ਦੇ ਅਹੁਦੇਦਾਰਾਂ 'ਤੇ ਮੈਂਬਰਾਂ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਮੌਕਾ ਦੇਖਿਆ ਤੇ ਮਾਡਲ ਥਾਣਾ ਸ਼ਾਹਕੋਟ ਦੀ ਪੁਲਸ ਨੂੰ ਸੂਚਿਤ ਕੀਤਾ, ਜਿਸ ਉਪਰੰਤ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਇਸ ਘਟਨਾ ਬਾਰੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।