ਏਸ਼ੀਆ ਇੰਡੋਰ ਐਥਲੈਟਿਕਸ
-ਭਾਰਤੀ ਐਥਲੀਟਾਂ ਨੇ ਜਿੱਤੇ ਕੁਲ ਸੱਤ ਮੈਡਲ
ਦੋਹਾ (ਏਜੰਸੀ) : ਭਾਰਤੀ ਲਾਂਗ ਜੰਪਰ ਪ੍ਰੇਮ ਕੁਮਾਰ ਨੇ ਏਸ਼ੀਆਈ ਇੰਡੋਰ ਐਥਲੈਟਿਕਸ ਚੈਂਪੀਅਨਸ਼ਿਪ ਦੇ ਆਖ਼ਰੀ ਦਿਨ ਸੋਮਵਾਰ ਨੂੰ ਸਿਲਵਰ ਮੈਡਲ ਜਿੱਤਿਆ। ਸ਼ਾਟਪੁਟਰ ਓਮ ਪ੍ਰਕਾਸ਼ ਕਰਹਾਨਾ ਨੂੰ ਕਾਂਸੇ ਦੇ ਮੈਡਲ ਨਾਲ ਸਬਰ ਕਰਨਾ ਪਿਆ। ਭਾਰਤੀ ਐਥਲੀਟਾਂ ਨੇ ਇਕ ਗੋਲਡ ਤਿੰਨ ਸਿਲਵਰ ਅਤੇ ਤਿੰਨ ਕਾਂਸੇ ਸਮੇਤ ਕੁਲ ਸੱਤ ਮੈਡਲਾਂ ਨਾਲ ਆਪਣੀ ਮੁਹਿੰਮ ਸਮਾਪਤ ਕੀਤੀ।
ਪ੍ਰੇਮ ਕੁਮਾਰ ਨੇ 7.92 ਮੀਟਰ ਜੰਪ ਲਾ ਕੇ ਦੂਜਾ ਸਥਾਨ ਹਾਸਲ ਕੀਤਾ। ਚੀਨ ਦੇ ਝਾਂਗ ਵਾਈ ਨੇ 7.99 ਮੀਟਰ ਨਾਲ ਗੋਲਡ ਮੈਡਲ ਜਿੱਤਿਆ। ਹੋਰ ਭਾਰਤੀ ਅੰਕਿਤ ਸ਼ਰਮਾ ਨੇ ਮੈਡਲ ਜਿੱਤਣ ਦਾ ਮੌਕਾ ਗੁਆ ਦਿੱਤਾ। ਕਰਹਾਨਾ ਨੇ 18.77 ਮੀਟਰ ਦੀ ਦੂਰੀ ਨਾਲ ਕਾਂਸਾ ਜਿੱਤਿਆ। ਅਗਲੀ ਏਸ਼ੀਅਨ ਇੰਡੋਰ ਚੈਂਪੀਅਨਸ਼ਿਪ 2017 ਵਿਚ ਝਾਰਖੰਡ ਦੀ ਰਾਜਧਾਨੀ ਰਾਂਚੀ ਵਿਚ ਹੋਵੇਗੀ।