ਅਨੁਰਾਗ ਅਗਰਵਾਲ, ਚੰਡੀਗੜ੍ਹ :
ਹਰਿਆਣਾ 'ਚ ਹੋਈ ਤਬਾਹੀ ਤੋਂ ਬਾਅਦ ਸੂਬਾ ਸਰਕਾਰ ਦੇ ਮੰਤਰੀਆਂ 'ਚ ਫੁੱਟ ਪੈ ਗਈ ਹੈ। ਸਰਬ ਪਾਰਟੀ ਬੈਠਕ ਤੋਂ ਪਹਿਲਾਂ ਜਾਟ ਮੰਤਰੀਆਂ ਦੀ ਗੁਪਤ ਬੈਠਕ ਅਤੇ ਪੂਰੀ ਸਰਕਾਰ ਨੂੰ ਹਾਈਜੈਕ ਕਰਨ ਦੇ ਦੋਸ਼ ਝੱਲ ਰਹੇ ਜਾਟ ਮੰਤਰੀ ਇਕ ਪਾਸੇ ਅਤੇ ਗ਼ੈਰ ਜਾਟ ਮੰਤਰੀ ਦੂਜੇ ਪਾਸੇ ਖੜ੍ਹੇ ਨਜ਼ਰ ਆ ਰਹੇ ਹਨ। ਸੂਬੇ ਦੇ ਅੱਧਾ ਦਰਜਨ ਮੰਤਰੀਆਂ, ਕੁਝ ਸੰਸਦ ਮੈਂਬਰਾਂ ਅਤੇ ਏਨੇ ਹੀ ਵਿਧਾਇਕਾਂ ਨੇ ਲਾਮਬੰਦੀ ਕਰਦੇ ਹੋਏ ਜਾਟ ਮੰਤਰੀਆਂ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ।
ਗ਼ੈਰ ਜਾਟ ਅਤੇ ਵਪਾਰੀਆਂ ਦੇ ਹੋਏ ਭਾਰੀ ਨੁਕਸਾਨ ਦੇ ਨਾਲ ਨਾਲ ਸਰਕਾਰ 'ਚ ਚੱਲ ਰਹੀ ਚੱਕਥਲ 'ਤੇ ਇਹ ਨੇਤਾ ਕਿਸੇ ਵੀ ਸਮੇਂ ਕੇਂਦਰੀ ਲੀਡਰਸ਼ਿਪ ਨਾਲ ਮੁਲਾਕਾਤ ਕਰ ਸਕਦੇ ਹਨ। ਇਸੇ ਤਰ੍ਹਾਂ ਦੀ ਲਾਬਿੰਗ ਜਾਟ ਮੰਤਰੀਆਂ ਅਤੇ ਨੇਤਾਵਾਂ ਵੱਲੋਂ ਕੀਤੀ ਜਾ ਰਹੀ ਹੈ। ਮਨੋਹਰ ਸਰਕਾਰ ਦੇ ਮੰਤਰੀਆਂ 'ਚ ਪਈ ਇਸ ਫੁੱਟ ਦੀ ਸੂਚਨਾ ਭਾਜਪਾ ਲੀਡਰਸ਼ਿਪ ਕੋਲ ਪਹੁੰਚ ਗਈ ਹੈ। ਸੂਬੇ 'ਚ ਤਬਾਹੀ ਦੇ ਬਾਅਦ ਭਾਜਪਾ ਦੇ ਜਾਟ ਨੇਤਾਵਾਂ ਦੀ ਮਨਮਾਨੀ, ਕੈਬਨਿਟ ਦੀ ਮਨਜ਼ੂਰੀ ਦੇ ਬਿਨ੍ਹਾ ਮੁਆਵਜ਼ੇ ਦਾ ਐਲਾਨ, ਦੰਗਾਈਆਂ ਖ਼ਿਲਾਫ਼ ਮੁਕੱਦਮੇ ਦਰਜ ਨਾ ਕਰਨ ਦੇ ਫ਼ੈਸਲੇ ਅਤੇ ਜਾਟ ਅੰਦੋਲਨ 'ਚ ਅਹਿਮ ਭੂਮਿਕਾ ਨਿਭਾਉਣ ਦੇ ਦੋਸ਼ਾਂ ਦਾ ਸਾਹਮਣਾ ਝੱਲ ਰਹੇ ਹੁੱਡਾ ਦੇ ਸਿਆਸੀ ਸਲਾਹਕਾਰ ਪ੍ਰੋ. ਵੀਰੇਂਦਰ ਦੀ ਗਿ੍ਰਫ਼ਤਾਰੀ ਨਾ ਹੋਣ 'ਤੇ ਮੰਤਰੀ ਬਿਖਰ ਗਏ ਹਨ। ਗ਼ੈਰ ਜਾਟ ਮੰਤਰੀਆਂ ਦੇ ਵਿਚ ਇਹ ਅੱਗ ਕਈ ਦਿਨਾਂ ਤੋਂ ਸੁਲਗ ਰਹੀ ਸੀ, ਪਰ ਕੈਬਨਿਟ ਦੀ ਬੈਠਕ 'ਚ ਮੌਜੂਦ ਨਹੀਂ ਹੋਣ ਦੇ ਬਾਵਜੂਦ ਜਾਟ ਮੰਤਰੀਆਂ ਦੀ ਇੱਛਾ ਮੁਤਾਬਕ, ਦਸ ਲੱਖ ਰੁਪਏ ਦੇ ਮੁਆਵਜ਼ੇ ਅਤੇ ਇਕ ਸਰਕਾਰੀ ਨੌਕਰੀ ਦੇ ਐਲਾਨ ਨੇ ਗ਼ੈਰ ਜਾਟ ਮੰਤਰੀਆਂ ਨੂੰ ਇਕਜੁੱਟ ਕਰਨ ਲਈ ਮਜਬੂਰ ਕਰ ਦਿੱਤਾ ਹੈ।
----------
ਕਵਿਤਾ ਰੋ ਪਈ, ਵਿਜ ਨੇ ਸੁਣਾਈਆਂ ਖਰੀਆਂ ਖਰੀਆਂ
ਚੰਡੀਗੜ੍ਹ- ਕੈਬਨਿਟ ਬੈਠਕ ਇਕ ਘੰਟੇ ਤਕ ਹਾਈ ਪ੍ਰੋਫਾਈਲ ਡਰਾਮਾ ਹੁੰਦਾ ਰਿਹਾ। ਗ਼ੈਰ ਜਾਟ ਮੰਤਰੀਆਂ ਨੇ ਜਾਟ ਮੰਤਰੀਆਂ ਨੂੰ ਮੁੱਖ ਮੰਤਰੀ ਦੇ ਸਾਹਮਣੇ ਖ਼ੂਬ ਖਰੀਆਂ ਖਰੀਆਂ ਸੁਣਾਈਆਂ। ਮਹਿਲਾ ਅਤੇ ਬਾਲ ਵਿਕਾਸ ਮੰਤਰੀ ਕਵਿਤਾ ਜੈਨ ਤਾਂ ਆਪਣੇ ਇਲਾਕੇ ਦੀ ਬਰਬਾਦੀ 'ਤੇ ਰੋਣ ਲੱਗੀ। ਸਿਹਤ ਮੰਤਰੀ ਅਨਿਲ ਵਿਜ ਨੇ ਜਾਟ ਅੰਦੋਲਨ ਲਈ ਕਾਂਗਰਸ ਅਤੇ ਇਨੈਲੋ ਦੇ ਨਾਲ ਆਪਣੀ ਹੀ ਪਾਰਟੀ ਦੇ ਨੇਤਾਵਾਂ ਨੂੰ ਵੀ ਕਟਹਿਰੇ 'ਚ ਖੜ੍ਹਾ ਕਰ ਦਿੱਤਾ। ਇਸ 'ਤੇ ਸੀਐਮ ਆਫਿਸ 'ਚ ਹੰਗਾਮਾ ਹੋ ਗਿਆ। ਜਾਟ ਮੰਤਰੀ ਵੀ ਆਪਣੇ ਸਮਾਜ ਨਾਲ ਖੜ੍ਹੇ ਨਜ਼ਰ ਆਏ। ਉਨ੍ਹਾਂ ਸਥਿਤੀ ਦੀ ਨਾਜ਼ੁਕਤਾ ਸਮਝਦੇ ਹੋਏ ਜਵਾਬੀ ਹਮਲਾ ਕਰਨ ਤੋਂ ਪਰਹੇਜ਼ ਹੀ ਕੀਤਾ।