ਜੇਐਨਐਨ, ਰੋਹਤਕ : ਜਾਟ ਰਾਖਵਾਂਕਰਨ ਅੰਦੋਲਨ ਵਿਚ ਤਬਾਹ ਹੋਏ ਲੋਕਾਂ ਦੀ ਪੀੜ ਸੁਣਨ ਰੋਹਤਕ ਪੁੱਜੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਭਾਰੀ ਜਨਤਕ ਵਿਰੋਧ ਦਾ ਸਾਹਮਣਾ ਕਰਨਾ ਪਿਆ। ਨਾਰਾਜ਼ ਲੋਕਾਂ ਨੇ ਕਿਹਾ ਕਿ 'ਜ਼ਖਮ ਭਰੋ ਜਾਂ ਅਸਤੀਫ਼ਾ ਦਿਓ'। ਮੁੱਖ ਮੰਤਰੀ ਨੂੰ ਇਥੇ ਕਾਲੇ ਝੰਡੇ ਵਿਖਾਏ ਗਏ। ਹਰਿਆਣਾ ਸਰਕਾਰ ਮੁਰਦਾਬਾਦ ਤੇ ਭਾਜਪਾ ਐਮਪੀ ਰਾਜ ਕੁਮਾਰ ਸੈਣੀ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਰਹੇ। ਜਨਤਕ ਰੋਹ ਕਾਰਨ ਮੁੱਖ ਮੰਤਰੀ ਨੂੰ ਆਪਣੀ ਗੱਲ ਵਿਚਾਲੇ ਛੱਡ ਕੇ ਗੈਸਟ ਹਾਊਸ ਪਰਤਣਾ ਪਿਆ। ਸੜਕੀ ਰਸਤਿਓਂ ਸ਼ਹਿਰ ਵਿਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਦਾ ਇਰਾਦਾ ਬਦਲਣਾ ਪਿਆ ਤੇ ਉਨ੍ਹਾਂ ਹੈਲੀਕਾਪਟਰ ਨਾਲ ਹਵਾਈ ਮੁਆਇਨਾ ਕੀਤਾ। ਖੱਟਰ, ਦੁਪਹਿਰੇ ਤਕਰੀਬਨ 12 ਵਜੇ ਸਿੰਜਾਈ ਵਿਭਾਗ ਦੇ ਗੈਸਟ ਹਾਊਸ ਪੁੱਜੇ। ਦੰਗਿਆਂ ਤੋਂ ਪੀੜਤ ਲੋਕ ਪਹਿਲਾਂ ਤੋਂ ਉਥੇ ਮੌਜੂਦ ਸਨ। ਮੁੱਖ ਮੰਤਰੀ ਉਨ੍ਹਾਂ ਵਿਚਾਲੇ ਪੁੱਜੇ ਤਾਂ ਲੋਕਾਂ ਨੇ ਨਾਅਰੇ ਲਾਉਣੇ ਸ਼ੁਰੂ ਕਰ ਦਿੱਤੇ ਤੇ ਸੁਰੱਖਿਆ ਘੇਰਾ ਤੋੜਣਾ ਸ਼ੁਰੂ ਕਰ ਦਿੱਤਾ। ਮੁੱਖ ਮੰਤਰੀ ਮੁਆਵਜ਼ੇ ਦਾ ਭਰੋਸਾ ਦੇ ਕੇ ਗੈਸਟ ਹਾਊਸ ਚਲੇ ਗਏ। ਮੁੱਖ ਮੰਤਰੀ ਗੈਸਟ ਹਾਊਸ ਤੋਂ ਪੁਲਸ ਲਾਈਨਜ਼ ਵੱਲ ਰਵਾਨਾ ਹੋਏ ਤਾਂ ਲੋਕਾਂ ਨੇ ਉਨ੍ਹਾਂ ਦਾ ਵਾਹਨ ਘੇਰ ਲਿਆ ਤੇ ਹੰਗਾਮਾ ਕਰਦੇ ਰਹੇ।
ਸੀਰੀਆਰਪੀਐਫ ਬੁਲਾਉਣੀ ਪਈ
ਖੱਟਰ ਦੇ ਵਿਰੋਧ ਨੂੰ ਵੇਖਦਿਆਂ ਗੈਸਟ ਹਾਊਸ ਵਿਚ ਸੀਆਰਪੀਐਫ ਦੇ ਜਵਾਨ ਸੱਦਣੇ ਪਏ। ਉਨ੍ਹਾਂ ਦੇ ਸੁਰੱਖਿਆ ਘੇਰੇ ਵਿਚ ਹੀ ਖੱਟਰ ਦੇ ਕਾਫ਼ਲੇ ਨੂੰ ਗੈਸਟ ਹਾਊਸ ਤੋਂ ਪੁਲਸ ਲਾਈਨਜ਼ ਲਿਜਾਇਆ ਗਿਆ। ਪੁਲਸ ਲਾਈਨਜ਼ ਵਿਚ ਵੀ ਕਾਫ਼ੀ ਲੋਕ ਪੁੱਜੇ ਹੋਏ ਸਨ ਪਰ ਉਥੇ ਸੁਰੱਖਿਆ ਏਜੰਸੀਆਂ ਨੇ ਜਨਤਾ ਨੂੰ ਖੱਟਰ ਲਾਗੇ ਨਹੀਂ ਜਾਣ ਦਿੱਤਾ। ਪੀੜਤਾਂ ਨੇ ਪੁਲਸ ਅਫਸਰਾਂ ਵਿਰੁੱਧ ਭੜਾਸ ਕੱਢੀ।