ਬਿੰਦਰ ਸੁੰਮਨ, ਗੁਰਾਇਆ
ਇਲਾਕੇ 'ਚ ਚੋਰੀ ਦੀਆਂ ਵਾਰਦਾਤਾਂ ਤੋਂ ਬਾਅਦ ਥਾਣਾ ਗੁਰਾਇਆ ਅਧੀਨ ਪੈਂਦੇ ਪਿੰਡ ਸੰਗ ਢੇਸੀਆਂ 'ਚ ਇਕ ਇਲੈਕਟ੍ਰਾਨਿਕਸ ਦੀ ਦੁਕਾਨ ਤੋਂ ਇਕ ਸ਼ਾਤਰ ਠੱਗ 3 ਐਲਈਡੀਜ਼ ਠੱਗ ਕੇ ਫ਼ਰਾਰ ਹੋ ਗਿਆ।
ਇਸ ਮੌਕੇ ਠੱਗੀ ਦਾ ਸ਼ਿਕਾਰ ਹੋਏ ਦੁਕਾਨ ਮਾਲਕ ਰਵਿੰਦਰ ਸਿੰਘ ਪੁੱਤਰ ਪ੍ਰੀਤਮ ਚੰਦ ਵਾਸੀ ਸੰਗ ਢੇਸੀਆਂ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਸੰਗ ਢੇਸੀਆਂ ਬੱਸ ਸਟੈਂਡ 'ਚ ਉਸਦੀ ਰਾਣਾ ਟੀਵੀ ਸੈਂਟਰ ਦੀ ਦੁਕਾਨ ਹੈ। ਮੰਗਲਵਾਰ ਦੁਪਹਿਰ 11.30 ਵਜੇ ਦੇ ਕਰੀਬ ਇਕ ਵਿਅਕਤੀ ਆਇਆ, ਜਿਸਨੇ ਆਪਣਾ ਨਾਂ ਅਵਤਾਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਕੋਠੀ ਨੰਬਰ 1076ਸੀ ਮਾਡਲ ਟਾਊਨ ਲੁਧਿਆਣਾ ਦੱਸਿਆ ਤੇ ਕਿਹਾ ਕਿ ਉਸਨੂੰ 3 ਐਲਈਡੀਜ਼ ਚਾਹੀਦੀਆਂ ਹਨ। ਜਿਸ ਤੋਂ ਬਾਅਦ ਉਸਨੇ ਤਿੰਨ ਐਲਈਡੀਜ਼ ਸੈਮਸੰਗ 32 ਇੰਚ, ਐਲਜ਼ੀ 32 ਇੰਚ ਤੇ ਵੀਡੀਓ ਟੈਕਸ ਉਕਤ ਠੱਗ ਨੂੰ ਦੇ ਦਿੱਤੀਆਂ, ਜਿਸਦੀ ਕੀਮਤ 74,500 ਬਣੀ।
ਉਕਤ ਠੱਗ ਨੇ ਉਨ੍ਹਾਂ ਨੂੰ ਭਾਰਤੀ ਸਟੇਟ ਬੈਂਕ ਦਾ ਚੈੱਕ ਦਿੱਤਾ। ਠੱਗ ਨੇ ਉਨ੍ਹਾਂ ਨੂੰ ਫੋਨ ਕਰਕੇ ਕਿਹਾ ਕਿ ਸੰਗ ਢੇਸੀਆਂ ਵਿਖੇ ਸਥਿਤ ਇਕ ਪੈਟਰੋਲ ਪੰਪ 'ਤੇ ਆ ਜਾਓ ਤੇ ਉਸ ਕੋਲੋਂ ਪੈਸੇ ਨਕਦ ਲੈ ਲਓ। ਜਦੋਂ ਉਹ ਉਸਦੇ ਪਿੱਛੇ ਗਿਆ ਤਾਂ ਉਕਤ ਠੱਗ ਨੇ ਦੁਕਾਨਦਾਰ ਨੂੰ ਦੇਖ ਕੇ ਗੱਡੀ ਭਜਾ ਲਈ। ਦੁਕਾਨਦਾਰ ਮੁਤਾਬਕ ਗੱਡੀ ਦਾ ਨੰਬਰ ਪੀਬੀ10ਸੀਵੀ 8502 ਮਾਰਕਾ ਸਵਿਫਟ ਡਿਜ਼ਾਇਰ ਹੈ, ਜਿਸਦੀ ਸਾਰੀ ਰਿਕਾਰਡਿੰਗ ਪੈਟਰੋਲ ਪੰਪ 'ਤੇ ਲੱਗੇ ਸੀਸੀਟੀਵੀ 'ਚ ਰਿਕਾਰਡ ਹੋਈ ਹੈ। ਦੁਕਾਨਦਾਰ ਨੂੰ ਸ਼ੱਕ ਹੋਇਆ ਕਿ ਉਕਤ ਠੱਗ ਨੇ ਚੈੱਕ ਵੀ ਗਲਤ ਨਾ ਦਿੱਤਾ ਹੋਵੇ, ਜਿਸ 'ਤੇ ਉਸੇ ਵਕਤ ਭਾਰਤੀ ਸਟੇਟ ਬੈਂਕ ਗੁਰਾਇਆ ਜਾ ਕੇ ਚੈੱਕ ਜਮ੍ਹਾਂ ਕਰਵਾਇਆ ਤਾਂ ਬੈਂਕ ਮੁਲਾਜ਼ਮਾਂ ਨੇ ਦੱਸਿਆ ਕਿ ਜਿਸ ਅਕਾਊਂਟ ਨੰਬਰ ਦਾ ਚੈੱਕ ਦਿੱਤਾ ਹੈ, ਉਹ ਅਵਤਾਰ ਸਿੰਘ ਦੇ ਨਾਂ 'ਤੇ ਨਹੀਂ ਹੈ, ਇਹ ਕਿਸੇ ਹੋਰ ਵਿਅਕਤੀ ਦੇ ਨਾਂ 'ਤੇ ਚਲਦਾ ਹੈ। ਦੁਕਾਨਦਾਰ ਨੇ ਪੁਲਸ ਪ੍ਰਸ਼ਾਸਨ ਪਾਸੋਂ ਉਕਤ ਠੱਗ ਦੀ ਭਾਲ ਕਰਕੇ ਉਸਨੂੰ ਇਨਸਾਫ ਦਵਾਉਣ ਦੀ ਮੰਗ ਕੀਤੀ।