ਜਾਗਰਣ ਬਿਊਰੋ, ਨਵੀਂ ਦਿੱਲੀ : ਲਗਾਤਾਰ ਵਿਅਕਤੀਗਤ ਨਿਸ਼ਾਨਾ ਸਾਧ ਰਹੀ ਵਿਰੋਧੀ ਧਿਰ ਤੇੇ ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਆਜ ਸਮੇਤ ਵਾਪਸ ਕਰ ਦਿੱਤਾ। ਲਗਪਗ ਡੇਢ ਘੰਟੇ ਦੇ ਭਾਸ਼ਣ 'ਚ ਉਨ੍ਹਾਂ ਤੱਥ ਵੀ ਰੱਖੇ, ਅਪੀਲ ਵੀ ਕੀਤੀ, ਸ਼ੀਸ਼ਾ ਵੀ ਦਿਖਾਇਆ ਅਤੇ ਵਿਅੰਗ ਕੱਸਦੇ ਹੋਏ ਇਸ ਦਾ ਅਹਿਸਾਸ ਕਰਵਾਉਣ ਦੀ ਵੀ ਕੋਸ਼ਿਸ਼ ਕੀਤੀ ਕਿ ਰਾਜਨੀਤੀ ਠੀਕ ਹੈ ਪ੍ਰੰਤੂ ਭੱਦੀ ਰਾਜਨੀਤੀ ਨਾਲ ਦੇਸ਼ ਦਾ ਨੁਕਸਾਨ ਹੋ ਰਿਹਾ ਹੈ। ਹਾਲਾਂਕਿ ਮੋਦੀ ਨੇ ਇਸ ਦਾ ਵੀ ਪੂਰਾ ਧਿਆਨ ਰੱਖਿਆ ਕਿ ਹੋਰ ਵਿਰੋਧੀ ਦਲਾਂ ਨੂੰ ਕਾਂਗਰਸ ਤੋਂ ਵੱਖ ਰੱਖਿਆ ਜਾਵੇ। ਲਿਹਾਜ਼ਾ ਦੂਸਰੇ ਵਿਰੋਧੀ ਦਲਾਂ ਦੇ ਨੇਤਾਵਾਂ ਦੀ ਪ੍ਰਸ਼ੰਸਾ ਕਰਨ ਤੋਂ ਵੀ ਉਹ ਨਾ ਖੁੰਝੇ। ਸਹੀ ਅਰਥਾਂ ਵਿਚ ਮੋਦੀ ਨੇ ਰਾਜਨੇਤਾ ਵਾਂਗ ਸਭ ਨੂੰ ਨਾਲ ਆ ਕੇ ਲੋਕਤੰਤਰ ਨੂੰ ਵਧਾਉਣ ਦੀ ਗੱਲ ਵੀ ਕੀਤੀ ਅਤੇ ਫਿਰ ਇਕ ਕੁਸ਼ਲ ਸਿਆਸਤਦਾਨ ਵਾਂਗ ਇਹ ਵੀ ਯਾਦ ਦਿਵਾਉਣ ਤੋਂ ਨਾ ਖੁੰਝੇ ਕਿ ਕਾਂਗਰਸ ਨਾਕਾਰੀ ਜਾ ਚੁੱਕੀ ਹੈ ਅਤੇ ਹੁਣ ਸੰਸਦ ਵਿਚ ਇਸ ਦਾ ਵਿਰੋਧ ਕੇਵਲ ਹੀਣ ਭਾਵਨਾ ਦੇ ਕਾਰਨ ਹੋ ਰਿਹਾ ਹੈ।
ਸਮਝ ਦਾ ਮਾਰਿਆ ਤੇ ਜਵਾਬਦੇਹੀ ਤੋਂ ਪਰ੍ਹੇ
ਸਾਹਮਣੇ ਬੈਠੇ ਕਾਂਗਰਸੀ ਨੇਤਾਵਾਂ ਦੀ ਬੇਚੈਨੀ ਅਤੇ ਚੁੱਪੀ ਦੌਰਾਨ ਮੋਦੀ ਸੰਸਦ ਵਿਚ ਪਹਿਲੀ ਵਾਰ ਰਾਹੁਲ 'ਤੇ ਇੰਨੇ ਹਮਲਾਵਰ ਦਿਸੇ। ਉਨ੍ਹਾਂ ਕਿਹਾ, 'ਕਈ ਲੋਕਾਂ ਦੀ ਉਮਰ ਤਾਂ ਵਧਦੀ ਹੈ ਪ੍ਰੰਤੂ ਸਮਝ ਨਹੀਂ ਵਧਦੀ।' ਉਨ੍ਹਾਂ ਕਾਂਗਰਸੀ ਨੇਤਾ ਮੱਲਿਕਾਅਰਜੁਨ ਖੜਕੇ ਨੂੰ ਸੰਬੋਧਨ ਕਰਦਿਆਂ ਕਿਹਾ, 'ਤੁਹਾਨੂੰ ਤਾਂ ਸਮਝ ਆ ਜਾਵੇਗਾ ਪ੍ਰੰਤੂ ਕੁਝ ਲੋਕਾਂ ਨੂੰ ਬਹੁਤ ਦੇਰ ਨਾਲ ਗੱਲ ਸਮਝ ਆਉਂਦੀ ਹੈ।' ਮੋਦੀ ਨੇ ਕਿਹਾ, 'ਜਨਤਕ ਜੀਵਨ ਵਿਚ ਅਸੀਂ ਸਾਰੇ ਜਵਾਬਦੇਹ ਹੁੰਦੇ ਹਾਂ, ਕਿਸੇ ਨੂੰ ਵੀ ਸਵਾਲ ਪੁੱਛਣ ਦਾ ਹੱਕ ਹੈ ਪ੍ਰੰਤੂ ਕੁਝ ਲੋਕ ਹਨ ਜਿਨ੍ਹਾਂ ਤੋਂ ਸਵਾਲ ਨਹੀਂ ਪੁੱਿਛਆ ਜਾਂਦਾ, ਕਿਸੇ ਕੋਲ ਹਿੰਮਤ ਹੀ ਨਹੀਂ ਹੈ।' ਇਸੇ ਪੜਾਅ 'ਚ ਉਨ੍ਹਾਂ ਸਟਾਲਿਨ ਅਤੇ ਖਰੁਸ਼ਚੇਵ ਦੀ ਕਹਾਣੀ ਸੁਣਾਈ ਅਤੇ ਕਿਹਾ ਕਿ ਸਟਾਲਿਨ ਦੇ ਜ਼ਮਾਨੇ ਵਿਚ ਤਾਂ ਕਿਸੇ ਨੂੰ ਆਵਾਜ਼ ਉਠਾਉਣ ਦੀ ਹਿੰਮਤ ਨਹੀਂ ਸੀ। ਰਾਹੁਲ ਦਾ ਨਾਂ ਲਏ ਬਗੈਰ ਮੋਦੀ ਨੇ ਕਿਹਾ ਕਿ ਮੈਨੂੰ ਬਹੁਤ ਉਪਦੇਸ਼ ਦਿੱਤੇ ਜਾਂਦੇ ਹਨ, ਲਗਾਤਾਰ ਦੋਸ਼ ਲਗਾਏ ਜਾਂਦੇ ਹਨ। ਮੈਂ ਪਿਛਲੇ ਕਈ ਸਾਲਾਂ ਤੋਂ ਬਹੁਤ ਕੁਝ ਸਿੱਖਿਆ ਹੈ ਪ੍ਰੰਤੂ ਉਨ੍ਹਾਂ ਨੂੰ ਕੌਣ ਸਮਝਾਏਗਾ ਜਿਨ੍ਹਾਂ ਨੇ ਮਨਮੋਹਨ ਸਰਕਾਰ ਕੈਬਨਿਟ ਦੇ ਫੈਸਲੇ ਦੀ ਕਾਪੀ ਨੂੰ ਜਨਤਕ ਰੂਪ ਵਿਚ ਪਾੜ ਦਿੱਤਾ ਸੀ।
ਇੰਦਰਾ ਅਤੇ ਰਾਜੀਵ ਦੀ ਦਿਵਾਈ ਯਾਦ
ਜਵਾਹਰ ਲਾਲ ਨਹਿਰੂ ਅਤੇ ਇੰਦਰਾ ਗਾਂਧੀ ਤੋਂ ਲੈ ਕੇ ਰਾਜੀਵ ਗਾਂਧੀ ਤਕ ਦੇ ਕਈ ਭਾਸ਼ਣਾਂ ਦੇ ਅੰਸ਼ ਪੜ੍ਹਦੇ ਹੋਏ ਮੋਦੀ ਨੇ ਹਰ ਕਿਸੇ ਨੇ ਵਿਕਾਸ ਨਾਲ ਜੁੜੇ ਬਿੱਲਾਂ ਤੋਂ ਬਚਣ ਦੀ ਸਲਾਹ ਦਿੱਤੀ ਸੀ। ਰਾਸ਼ਟਰਪਤੀ ਭਾਸ਼ਣ 'ਤੇ ਚਰਚਾ ਦੌਰਾਨ ਕਾਂਗਰਸ ਦੇ ਕਈ ਨੇਤਾਵਾਂ ਨੇ ਯਾਦ ਦਿਵਾਇਆ ਕਿ ਮੋਦੀ ਸਰਕਾਰ ਯੂਪੀਏ ਦੇ ਹੀ ਕੰਮਾਂ ਲਈ ਆਪਣੀ ਪਿੱਠ ਥਪਥਪਾ ਰਹੀ ਹੈ। ਮੋਦੀ ਨੇ ਕਿਹਾ, 'ਕਾਂਗਰਸ ਦੀ ਚਿੰਤਾ ਇਹ ਹੈ ਕਿ ਜੋ ਉਹ ਨਹੀਂ ਕਰ ਪਾਏ, ਉਹ ਅਸੀਂ ਕਰ ਰਹੇ ਹਾਂ। ਭਾਰਤ-ਬੰਗਲਾਦੇਸ਼ ਸਰਹੱਦ ਦਾ ਝਗੜਾ ਉਦੋਂ ਖਤਮ ਹੋਇਆ ਜਦੋਂ ਰਾਜਗ ਸਰਕਾਰ ਨੇ ਫੈਸਲਾ ਲਿਆ। ਮਨਰੇਗਾ ਕਾਂਗਰਸ ਦੇ ਕਾਲ ਵਿਚ ਭਿ੫ਸ਼ਟਾਚਾਰ ਦਾ ਅਖਾੜਾ ਬਣ ਗਿਆ ਸੀ ਪ੍ਰੰਤੂ ਹੁਣ ਸਭ ਠੀਕ ਹੋ ਗਿਆ ਹੈ। ਯੂਪੀਏ ਕਾਲ ਦੌਰਾਨ ਸਾਲਾਨਾ ਅੌਸਤਨ 14 ਸੌ ਕਿਲਮੀਟਰ ਰੇਲ ਲਾਈਨ ਵਿਛਾਈ ਗਈ ਪ੍ਰੰਤੂ ਐਨਡੀਏ ਨੇ ਉਨ੍ਹਾਂ ਮੁਲਾਜ਼ਮਾਂ ਦੇ ਨਾਲ ਹੀ ਅੌਸਤਨ 23 ਸੌ ਕਿਲੋਮੀਟਰ ਰੇਲ ਲਾਈਨ ਵਿਛਾ ਦਿੱਤੀ।' ਪ੍ਰਧਾਨ ਮੰਤਰੀ ਦੇ ਭਾਸ਼ਣ ਦੌਰਾਨ ਹੀ ਇਕ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਦੋਸ਼ ਲਾਇਆ ਕਿ ਤੁਸੀਂ ਜੋ ਕਹਿੰਦੇ ਹੋ, ਉਹ ਕਰਦੇ ਨਹੀਂ ਤਾਂ ਮੋਦੀ ਨੇ ਤੁਰੰਤ ਉਨ੍ਹਾਂ ਦੇ ਦੋਸ਼ਾਂ ਨੂੰ ਸਵੀਕਾਰ ਕਰਦੇ ਹੋਏ ਵਿਅੰਗ ਕੀਤਾ, 14 ਸਾਲਾਂ ਤੋਂ ਮੈਨੂੰ ਕੋਈ ਸਰਟੀਫਿਕੇਟ ਨਹੀਂ ਦਿੱਤੇ ਜਾ ਰਹੇ, ਇਕ ਸਰਟੀਫਿਕੇਟ ਹੋਰ ਸਹੀ।'