ਪੱਤਰ ਪ੍ਰੇਰਕ, ਜਲੰਧਰ : ਕਮਲ ਵਿਹਾਰ 'ਚ ਰਹਿਣ ਵਾਲੀ ਸੇਂਟ ਸੋਲਜਰ ਸਕੂਲ ਮਿੱਠੂ ਬਸਤੀ ਦੀ ਅਧਿਆਪਕਾ ਜਸਵਿੰਦਰ ਕੌਰ ਤੋਂ ਬਸਤੀ ਪੀਰਦਾਦ ਰੋਡ 'ਤੇ ਪਰਸ ਨਾ ਖੋਹ ਸਕਣ ਤੋਂ ਗੁੱਸੇ 'ਚ ਆਏ ਮੋਟਰ ਸਾਈਕਲ ਸਵਾਰ ਤਿੰਨ ਖੋਹਬਾਜ਼ਾਂ ਨੇ ਹਮਲਾ ਕਰ ਦਿੱਤਾ। ਖੋਹਬਾਜ਼ ਪਰਸ ਖੋਹ ਕੇ ਭੱਜਣਾ ਚਾਹੁੰਦੇ ਸਨ ਪਰ ਜਸਵਿੰਦਰ ਕੌਰ ਖੋਹਬਾਜ਼ੀ ਦੌਰਾਨ ਹੇਠਾਂ ਡਿੱਗ ਪਈ ਤੇ ਮੋਟਰਸਾਈਕਲ ਤੋਂ ਹੇਠਾਂ ਡਿੱਗ ਪਈ। ਪਰ ਉਸ ਨੇ ਪਰਸ ਨਹੀਂ ਛੱਡਿਆ। ਇਸ ਦੌਰਾਨ ਜਸਵਿੰਦਰ ਦਾ ਮੁੰਹ ਿਛੱਲ ਗਿਆ ਪਰ ਉਹ ਡਰੀ ਨਹੀਂ। ਅਜਿਹੇ 'ਚ ਮੋਟਰਸਾਈਕਲ ਸਵਾਰ ਖੋਹਬਾਜ਼ ਦੇ ਹੱਥੋਂ ਪਰਸ ਛੁੱਟ ਗਿਆ। ਉਹ ਹੇਠਾਂ ਉਤਰਿਆ ਤੇ ਜਸਵਿੰਦਰ ਦੇ ਮੁੰਹ 'ਤੇ ਮੁੱਕਾ ਦੇ ਮਾਰਿਆ, ਜਿਸ ਕਾਰਨ ਉਸ ਦਾ ਦੰਦ ਟੁੱਟ ਗਿਆ।
ਪੀੜ ਨਾਲ ਕੁਰਲਾਉਂਦੀ ਅਧਿਆਪਕਾ ਨੇ ਨੇੜਿਓਂ ਲੰਘਦੇ ਲੋਕਾਂ ਨੂੰ ਮਦਦ ਲਈ ਕਿਹਾ। ਪਰ ਕੋਈ ਅੱਗੇ ਨਹੀਂ ਆਇਆ, ਜਿਸ ਦੇ ਚੱਲਦੇ ਖੋਹਬਾਜ਼ ਉਸ ਦੇ ਹੱਥੋਂ ਪਰਸ ਖੋਹ ਕੇ ਫ਼ਰਾਰ ਹੋ ਗਏ। ਜਸਵਿੰਦਰ ਕਿਸੇ ਤਰ੍ਹਾਂ ਘਰ ਪੁੱਜੀ ਤੇ ਪੁਲਸ ਨੂੰ ਸੂਚਿਤ ਕੀਤਾ। ਜਸਵਿੰਦਰ ਕੌਰ ਨੇ ਦੱਸਿਆ ਉਸ ਦੇ ਪਰਸ 'ਚ 1500 ਰੁਪਏ, ਇਕ ਮੋਬਾਈਲ ਤੇ ਜ਼ਰੂਰੀ ਦਸਤਾਵੇਜ਼ ਸੀ। ਥਾਣਾ ਬਸਤੀ ਬਾਵਾਖੇਲ ਦੀ ਪੁਲਸ ਨੇ ਮਾਮਲਾ ਦਰਜ ਕਰ ਲਿਆ।
- ਮੰਗੀ ਮਦਦ ਤਾਂ ਬੋਲੇ ਮੁੰਡੇ 'ਤੇਰੇ ਨੌਕਰ ਨਹੀਂ ਅਸੀਂ'
ਜਿਸ ਥਾਂ 'ਤੇ ਜਸਵਿੰਦਰ ਕੌਰ 'ਤੇ ਹਮਲਾ ਹੋਇਆ ਉਥੇ ਨੇੜੇ ਇਕ ਜਿਮ ਵੀ ਹੈ। ਜਸਵਿੰਦਰ ਦਾ ਪਰਸ ਖੋਹ ਕੇ ਜਦੋਂ ਖੋਹਬਾਜ਼ ਫ਼ਰਾਰ ਹੋਏ ਤਾਂ ਉਥੇ ਜਿਮ ਬਾਹਰ ਖੜ੍ਹੇ ਤਿੰਨ ਨੌਜਵਾਨ ਵੀ ਮੋਟਰਸਾਈਕਲ 'ਤੇ ਉਥੋਂ ਨਿਕਲੇ। ਜਦੋਂ ਉਸ ਨੇ ਉਨ੍ਹਾਂ ਨੂੰ ਮਦਦ ਕਰਨ ਲਈ ਕਿਹਾ ਤਾਂ ਉਨ੍ਹਾਂ ਦਾ ਜਵਾਬ ਸੀ ਕਿ 'ਤੇਰੇ ਨੌਕਰ ਨਹੀਂ ਹਾਂ ਅਸੀਂ'। ਇਸ ਦੇ ਬਾਅਦ ਉਕਤ ਨੌਜਵਾਨ ਉਥੋਂ ਨਿਕਲ ਗਏ। ਇਸ ਉਪਰੰਤ ਉਹ ਲੋਕਾਂ ਨੂੰ ਮਦਦ ਲਈ ਕਹਿੰਦੀ ਰਹੀ ਪਰ ਕੋਈ ਮਦਦ ਲਈ ਅੱਗੇ ਨਹੀਂ ਆਇਆ।
- ਵਿਦਿਆਰਥੀ ਨੇ ਕੀਤਾ ਫੋਨ ਤਾਂ ਖੋਹਬਾਜ਼ਾਂ ਨੇ ਕੱਢੀਆਂ ਗਾਲ਼ਾਂ
ਜਸਵਿੰਦਰ ਕੌਰ ਵਿਦਿਆਰਥੀਆਂ ਨੂੰ ਟਿਊਸ਼ਨ ਪੜ੍ਹਾਉਂਦੀ ਹੈ। ਲਗਪਗ 4 ਵਜੇ ਇਕ ਵਿਦਿਆਰਥੀ ਨੇ ਉਸ ਦੇ ਮੋਬਾਈਲ 'ਤੇ ਫੋਨ ਕਰਕੇ ਖੋਹਬਾਜ਼ਾਂ ਨਾਲ ਗੱਲ ਕਰਨੀ ਚਾਹੀ ਤਾਂ ਅੱਗੋਂ ਕਿਸੇ ਨੇ ਉਸ ਨੂੰ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਵਿਦਿਆਰਥੀ ਨੇ ਘਬਰਾ ਕੇ ਫੋਨ ਬੰਦ ਕਰ ਦਿੱਤਾ।
- ਸੀਸੀਟੀਵੀ 'ਚ ਕੈਦ ਹੋਈ ਵਾਰਦਾਤ
ਜਿਸ ਥਾਂ 'ਤੇ ਵਾਰਦਾਤ ਹੋਈ ਉਥੇ ਕਈ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ। ਪੁਲਸ ਨੇ ਫੁਟੇਜ ਕੱਢਵਾਈ ਤਾਂ ਉਸ 'ਚ ਖੋਹਬਾਜ਼ਾਂ ਦੀ ਕਰਤੂਤ ਕੈਦ ਹੋ ਗਈ। ਝਪਟਮਾਰਾਂ ਨੇ ਮੁੰਹ ਨਹੀਂ ਢੱਕਿਆ ਸੀ। ਏਸੀਪੀ ਰਵਿੰਦਰਪਾਲ ਸਿੰਘ ਸੰਧੂ ਨੇ ਕਿਹਾ ਮੁਲਜ਼ਮਾਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।