ਜੇਐਨਐਨ, ਜਲੰਧਰ : ਸੀਵਰੇਜ ਟ੫ੀਟਮੈਂਟ ਪਲਾਂਟ (ਐਸਟੀਪੀ) ਤੇ ਸੀਵਰ ਲਾਈਨ 'ਤੇ ਵੱਧਦੇ ਦਬਾਅ ਨਾਲ ਪਾਣੀ ਦੀ ਸਪਲਾਈ 'ਚ ਕਟੌਤੀ ਦਾ ਫਾਰਮੂਲਾ ਕਾਮਯਾਬ ਹੋਣ ਨਾਲ ਨਿਗਮ ਅੱਗੇ ਵੀ ਇਸ ਨੂੰ ਅਸਰਦਾਰ ਬਣਾਉਣ ਦੀ ਯੋਜਨਾ 'ਚ ਹੈ। ਕੋਸ਼ਿਸ਼ ਹੈ ਕਿ 31 ਮਾਰਚ ਤੋਂ ਬਾਅਦ ਅਪ੍ਰੈਲ ਤੇ ਮਈ ਮਹੀਨੇ ਵੀ ਮੌਜੂਦਾ ਪ੍ਰਬੰਧਾਂ ਵਾਂਗ ਸਵੇਰੇ-ਸ਼ਾਮ ਇਕ-ਇਕ ਘੰਟੇ ਅਤੇ ਦੁਪਹਿਰ ਨੂੰ ਦੋ ਘੰਟੇ ਦੀ ਕਟੌਤੀ ਜਾਰੀ ਰੱਖੀ ਜਾਵੇ। ਇਸ ਨਾਲ ਸੀਵਰ ਲਾਈਨ ਤੋਂ ਲੈ ਕੇ ਐਸਟੀਪੀ ਨੂੰ ਰਾਹਤ ਮਿਲਣ ਦੇ ਨਾਲ ਹੀ ਹਰੇਕ ਮਹੀਨੇ ਨਿਗਮ ਨੂੰ ਕਰੀਬ 40 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ। ਫਿਲਹਾਲ ਸਵੇਰੇ ਤੇ ਸ਼ਾਮ ਪਾਣੀ ਦੀ ਸਪਲਾਈ ਹੋ ਰਹੀ ਹੈ ਜਦਕਿ ਦੁਪਹਿਰ ਦੀ ਸਪਲਾਈ ਬੰਦ ਹੈ। ਇਸ ਫੈਸਲੇ ਨੂੰ 31 ਮਾਰਚ ਤਕ ਲਈ ਲਾਗੂ ਕਰਕੇ ਬਾਅਦ 'ਚ ਸਥਿਤੀ ਦੀ ਪੜਚੋਲ ਕਰਕੇ ਅੱਗੇ ਦੇ ਫੈਸਲੇ ਦੀ ਗੱਲ ਕਹੀ ਗਈ ਸੀ। ਓ ਐਂਡ ਐਮ ਬ੍ਰਾਂਚ ਦੇ ਐਸਈ ਲਖਵਿੰਦਰ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਪਾਣੀ ਦੀ ਸਪਲਾਈ ਜਿਆਦਾ ਹੋ ਰਹੀ ਸੀ, ਜਿਸ ਕਾਰਨ ਐਸਟੀਪੀ ਤੇ ਸੀਵਰ ਲਾਈਨ 'ਚ ਸਮੱਸਿਆ ਪੈਦਾ ਹੋਈ ਸੀ। ਇਸ ਲਈ ਯੋਜਨਾ ਹੈ ਕਿ ਸਿਰਫ ਜਿਆਦਾ ਗਰਮੀ ਵਾਲੇ ਜੂਨ, ਜੁਲਾਈ ਤੇ ਅਗਸਤ 'ਚ ਪਾਣੀ ਦੀ ਸਪਲਾਈ ਵਧਾਈ ਜਾਵੇ ਜਦਕਿ ਮਈ ਤਕ ਮੌਜੂਦਾ ਅੱਠ ਘੰਟੇ ਦੀ ਸਪਲਾਈ ਨੂੰ ਹੀ ਕਾਇਮ ਰੱਖਿਆ ਜਾਵੇ। ਅਜੇ ਇਸ 'ਤੇ ਮੇਅਰ ਤੇ ਕਮਿਸ਼ਨਰ ਨੇ ਫੈਸਲਾ ਲੈਣਾ ਹੈ। ਐਸਈ ਨੇ ਦੱਸਿਆ ਕਿ ਫਿਰ ਹੀ ਸ਼ਹਿਰੀਆਂ ਲਈ ਐਲਾਨ ਜਨਤਕ ਕੀਤਾ ਜਾਵੇਗਾ।
↧