ਪੱਤਰ ਪ੍ਰੇਰਕ, ਕੱਟੜਾ :
ਮਾਤਾ ਵੈਸ਼ਨੋ ਦੇਵੀ ਦੇ ਭਵਨ 'ਚ ਸ਼ੁੱਕਰਵਾਰ ਦੇਰ ਸ਼ਾਮ ਗੁਫਾ ਵੱਲ ਵੱਧ ਰਹੇ ਇਕ ਸ਼ਰਧਾਲੂ ਤੋਂ ਪਿਸਤੌਲ, 13 ਕਾਰਤੂਸ ਅਤੇ ਦੋ ਖਾਲੀ ਮੈਗਜ਼ੀਨ ਮਿਲਣ ਨਾਲ ਹੰਗਾਮਾ ਹੋ ਗਿਆ। ਸ਼ਰਧਾਲੂ ਨੂੰ ਗਿ੍ਰਫ਼ਤਾਰ ਕਰਕੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ਰਧਾਲੂ ਦੀ ਪਛਾਣ ਐਕਸ ਸਰਵਿਸਮੈਨ ਆਨੰਦ ਕੁਮਾਰ ਪੁਰਾਣੀ ਮੰਡੀ ਜ਼ਿਲ੍ਹਾ ਰੋਹਤਕ ਹਰਿਆਣਾ ਦੇ ਰੂਪ 'ਚ ਕੀਤੀ ਗਈ ਹੈ। ਆਧਾਰ ਕੈਂਪ ਕੱਟੜਾ ਤੋਂ ਭਵਨ ਤਕ ਪੁਲਸ ਦੀਆਂ ਛੇ ਚੈਕਪੋਸਟਾਂ ਪਾਰ ਕਰਕੇ ਗੁਫਾ ਤਕ ਪਿਸਤੌਲ ਨਾਲ ਸ਼ਰਧਾਲੂ ਦਾ ਪਹੁੰਚ ਜਾਣਾ ਸੁਰੱਖਿਆ 'ਚ ਵੱਡੀ ਚੂਕ ਦਾ ਨਤੀਜਾ ਹੈ। ਇਸ ਦੇ ਨਾਲ ਹੀ ਡਿਓੜੀ 'ਚ ਤਾਇਨਾਤ ਕਾਂਸਟੇਬਲ ਹੈਪੀ ਨੂੰ ਬਰਖਾਸਤ ਕਰਕੇ ਸੁਰੱਖਿਆ ਵਿਵਸਥਾ ਦੀ ਫਿਰ ਤੋਂ ਸਮੀਖਿਆ ਕੀਤੀ ਜਾ ਰਹੀ ਹੈ।