ਹੰਬਨਟੋਟਾ (ਏਜੰਸੀ) : ਕੁਸ਼ਲ ਪਰੇਰਾ (116) ਦੀ ਅਗਵਾਈ ਵਿਚ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਵਧੀਆ ਗੇਂਦਬਾਜ਼ੀ ਦੀ ਬਦੌਲਤ ਸ੍ਰੀਲੰਕਾ ਨੇ ਪੰਜਵੇਂ ਤੇ ਆਖਰੀ ਵਨ-ਡੇ ਵਿਚ ਪਾਕਿਸਤਾਨ ਨੂੰ 165 ਦੌੜਾਂ ਨਾਲ ਹਰਾ ਦਿੱਤਾ। ਸ੍ਰੀਲੰਕਾ ਸੀਰੀਜ਼ (2-3) ਨਾਲ ਪਹਿਲਾਂ ਹੀ ਹਾਰ ਚੁੱਕਾ ਸੀ ਪਰ ਉਸ ਨੇ ਜਿੱਤ ਨਾਲ ਸੀਰੀਜ਼ ਖ਼ਤਮ ਕੀਤੀ। ਕੁਸ਼ਲ ਪਰੇਰਾ ਨੇ ਤਿਲਕਰਤਨੇ ਦਿਲਸ਼ਾਨ (62) ਨਾਲ ਪਹਿਲੀ ਵਿਕਟ ਲਈ 164 ਦੌੜਾਂ ਜੋੜੀਆਂ। ਇਸ ਦੌਰਾਨ ਦਿਲਸ਼ਾਨ ਨੇ ਵਨ-ਡੇ ਿਯਕਟ ਆਪਣੀਆਂ ਦਸ ਹਜ਼ਾਰ ਦੌੜਾਂ ਵੀ ਪੂਰੀਆਂ ਕੀਤੀਆਂ। ਉਹ ਇਹ ਕਾਰਨਾਮਾ ਕਰਨ ਵਾਲੇ ਦੁਨੀਆਂ ਦੇ 11ਵੇਂ ਬੱਲੇਬਾਜ਼ ਬਣ ਗਏ ਹਨ। ਬਾਅਦ ਵਿਚ ਕਪਤਾਨ ਐਂਜਲੋ ਮੈਥਿਊਜ਼ (ਅਜੇਤੂ 70) ਤੇ ਮਿਲਿੰਦਾ ਸ਼੍ਰੀਵਰਧਨਾ (ਅਜੇਤੂ 52) ਨੇ 114 ਦੌੜਾਂ ਦੀ ਭਾਈਵਾਲੀ ਕੀਤੀ, ਜਿਸ ਨਾਲ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਵਾਲੇ ਸ੍ਰੀਲੰਕਾ ਨੇ ਚਾਰ ਵਿਕਟਾਂ 'ਤੇ 368 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ।
ਪਾਕਿਸਤਾਨ ਦੇ ਬੱਲੇਬਾਜ਼ ਵੱਡੇ ਟੀਚੇ ਸਾਹਮਣੇ ਦਬਾਅ ਵਿਚ ਆ ਗਏ ਤੇ ਉਸ ਦੀ ਪੂਰੀ ਟੀਮ 37.2 ਓਵਰਾਂ ਵਿਚ 203 ਦੌੜਾਂ 'ਤੇ ਢੇਰ ਹੋ ਗਈ। ਉਸ ਵੱਲੋਂ ਮੁਹੰਮਦ ਹਫੀਜ਼ ਨੇ ਸਭ ਤੋਂ ਜ਼ਿਆਦਾ 37 ਦੌੜਾਂ ਬਣਾਈਆਂ। ਸ੍ਰੀਲੰਕਾ ਵੱਲੋਂ ਆਫ ਸਪਿਨਰ ਸਚਿਤਰਾ ਸੇਨਾਨਾਇਕੇ ਨੇ ਤਿੰਨ, ਜਦਕਿ ਥਿਸਾਰਾ ਪਰੇਰਾ ਨੇ ਦੋ ਵਿਕਟਾਂ ਹਾਸਲ ਕੀਤੀਆਂ।