ਜਾਗਰਣ ਬਿਊਰੋ, ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਵਿਰੋਧੀ ਧਿਰ ਵੱਲੋਂ ਚੌਂਤਰਫੇ ਹਮਲੇ ਨੂੰ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਖੁੰਡਾ ਕਰ ਦਿੱਤਾ ਹੈ। ਦੇਸ਼ ਭਰ 'ਚੋਂ ਚੁਣੀਆਂ ਗਈਆਂ ਮਹਿਲਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਸਾਫ਼ ਦਿਸਦੀ ਹੈ, ਉਹ ਜੋ ਕਹਿੰਦੇ ਹਨ, ਕਰਦੇ ਹਨ। ਇਹ ਇਸ ਲਈ ਅਹਿਮ ਹੈ ਕਿਉਂਕਿ ਮੁੱਖ ਵਿਰੋਧੀ ਧਿਰ ਕਾਂਗਰਸ ਲੀਡਰਸ਼ਿਪ ਦੇ ਨਿਸ਼ਾਨੇ 'ਤੇ ਸਿੱਧੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਕੰਮ-ਕਾਜ ਦਾ ਤੌਰ-ਤਰੀਕਾ ਹੀ ਰਿਹਾ ਹੈ।
ਮਹਿਲਾ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੇ ਪਹਿਲੇ ਰਾਸ਼ਟਰੀ ਸੰਮੇਲਨ ਦੇ ਉਦਘਾਟਨ ਸਮਾਗਮ ਵਿਚ ਪ੍ਰਧਾਨ ਮੰਤਰੀ ਦੀ ਹਾਜ਼ਰੀ ਦੀ ਪ੍ਰਸ਼ੰਸਾ ਕਰਦੇ ਹੋਏ ਰਾਸ਼ਟਰਪਤੀ ਨੇ ਕਿਹਾ ਕਿ ਪ੍ਰੋਗਰਾਮ ਵਿਚ ਪ੍ਰਧਾਨ ਮੰਤਰੀ ਦੀ ਕੋਈ ਸਰਗਰਮ ਭੂਮਿਕਾ ਨਹੀਂ ਹੈ। ਉਨ੍ਹਾਂ ਨੇ ਕੁਝ ਬੋਲਣਾ ਵੀ ਨਹੀਂ ਹੈ, ਫਿਰ ਵੀ ਉਹ ਇਕ ਘੰਟੇ ਤੋਂ ਬੈਠੇ ਹਨ। ਇਕ ਪ੍ਰਧਾਨ ਮੰਤਰੀ ਲਈ ਬਹੁਤ ਮੁਸ਼ਕਲ ਕੰਮ ਹੈ, ਇਹ ਉਨ੍ਹਾਂ ਦੀ ਪ੍ਰਤੀਬੱਧਤਾ ਦਰਸਾਉਂਦਾ ਹੈ ਅਤੇ ਦੱਸਦਾ ਹੈ ਕਿ ਉਹ ਜੋ ਕਹਿੰਦੇ ਹਨ, ਕਰਦੇ ਵੀ ਹਨ। ਇਸ ਸਿਲਸਿਲੇ ਵਿਚ ਉਨ੍ਹਾਂ 'ਬੇਟੀ ਬਚਾਓ, ਬੇਟੀ ਪੜ੍ਹਾਓ' ਵਰਗੀਆਂ ਯੋਜਨਾਵਾਂ ਦੀ ਵੀ ਤਾਰੀਫ ਕਰਦਿਆਂ ਕਿਹਾ ਕਿ ਇਹ ਅੌਰਤਾਂ ਦੇ ਸੱਚੇ ਰੂਪ ਵਿਚ ਸਸ਼ਕਤੀਕਰਨ ਕਰਨ ਲਈ ਸਰਕਾਰ ਦੇ ਸਮੱਰਪਣ ਨੂੰ ਦਰਸਾਉਂਦਾ ਹੈ।
ਸੰਸਦ ਅਤੇ ਰਾਜ ਵਿਧਾਨ ਸਭਾਵਾਂ ਵਿਚ ਅੌਰਤਾਂ ਨੂੰ ਇਕ ਤਿਹਾਈ ਰਾਖਵਾਂਕਰਨ ਦੇਣ ਵਾਲੇ ਬਿੱਲ ਨੂੰ ਸੰਸਦ ਵਿਚ ਪਾਸ ਕਰਵਾਉਣ ਵਿਚ ਅਸਫਲਤਾ ਨੂੰ ਰਾਸ਼ਟਰਪਤੀ ਨੇ ਮੰਦਭਾਗਾ ਦੱਸਿਆ। ਉਨ੍ਹਾਂ ਸਾਰੇ ਸਿਆਸੀ ਦਲਾਂ ਨੂੰ ਇਸ ਨੂੰ ਪਾਸ ਕਰਵਾਉਣ ਲਈ ਇਕਜੁੱਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ। ਰਾਸ਼ਟਰਪਤੀ ਨੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਦੋ ਤਿਹਾਈ ਬਹੁਮਤ ਨਾਲ ਇਕ ਸਦਨ (ਲੋਕ ਸਭਾ) 'ਚ ਪਾਸ ਹੋਣ ਤੋਂ ਬਾਅਦ ਵੀ ਅੌਰਤਾਂ ਨੂੰ ਸੰਸਦ ਤੇ ਰਾਜ ਵਿਧਾਨ ਸਭਾਵਾਂ ਤੇ ਪ੍ਰੀਸ਼ਦਾਂ ਵਿਚ 33 ਫੀਸਦੀ ਰਾਖਵਾਂਕਰਨ ਦੇਣ ਵਾਲਾ ਬਿਲ ਦੂਸਰੇ ਸਦਨ (ਰਾਜ ਸਭਾ) ਵਿਚ ਪਾਸ ਨਹੀਂ ਹੋ ਸਕਿਆ। ਰਾਸ਼ਟਰਪਤੀ ਨੇ ਅੌਰਤ ਰਾਖਵਾਂਕਰਨ ਨੂੰ ਅੌਰਤਾਂ ਦਾ ਸਸ਼ਕਤੀਕਰਨ ਅਤੇ ਸੰਵਿਧਾਨ 'ਚ ਦਰਜ ਸਮਾਨਤਾ ਦੇ ਅਧਿਕਾਰ ਲਈ ਜ਼ਰੂਰੀ ਦੱਸਿਆ। ਉਨ੍ਹਾਂ ਕਿਹਾ ਕਿ ਭਾਰਤ ਦੀ ਆਬਾਦੀ ਦਾ 50 ਫੀਸਦੀ ਹਿੱਸਾ ਅੌਰਤਾਂ ਦਾ ਹੈ ਪ੍ਰੰਤੂ ਅੱਜ ਵੀ ਅਸੀਂ ਸੰਸਦ 'ਚ ਉਨ੍ਹਾਂ ਨੂੰ 12 ਪ੍ਰਤੀਸ਼ਤ ਤੋਂ ਵੱਧ ਪ੍ਰਤੀਨਿਧਤਾ ਯਕੀਨੀ ਨਹੀਂ ਕਰ ਸਕੇ।