ਜੇਐਨਐਨ, ਪਠਾਨਕੋਟ : ਪੱਛਮੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਕੇਜੇ ਸਿੰਘ ਨੇ ਕਿਹਾ ਹੈ ਕਿ ਫ਼ੌਜ ਕੋਲ ਦੇਸ਼ ਵਿਚ ਅੱਤਵਾਦੀ ਹਮਲੇ ਹੋਣ ਸਬੰਧੀ ਕਈ ਸਰੋਤਾਂ ਤੋਂ ਜਾਣਕਾਰੀ ਮਿਲੀ ਹੈ। ਇਸ ਜਾਣਕਾਰੀ ਤੋਂ ਬਾਅਦ ਫ਼ੌਜ ਪੂਰੀ ਤਰ੍ਹਾਂ ਮੁਸਤੈਦ ਹੋ ਗਈ ਹੈ। ਮਹਾਸ਼ਿਵਰਾਤਰੀ ਨੇੜੇ ਹੈ, ਸੰਸਦ ਸੈਸ਼ਨ ਚੱਲ ਰਿਹਾ ਹੈ, ਹਿਮਾਚਲ ਪ੍ਰਦੇਸ਼ ਵਿਚ ਟੀ-20 ਮੈਚ ਹੋਣ ਵਾਲਾ ਹੈ, ਅਜਿਹੇ ਹਾਲਾਤ ਵਿਚ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਕਈ ਤਰ੍ਹਾਂ ਦੀਆਂ ਯੋਜਨਾਵਾਂ ਬਣਾ ਰਹੇ ਹਨ। ਉਨ੍ਹਾਂ ਦਾ ਇਰਾਦਾ ਵੱਧ ਤੋਂ ਵੱਧ ਜਾਨ-ਮਾਲ ਦਾ ਨੁਕਸਾਨ ਕਰਨ ਦਾ ਹੈ।
ਸ਼ਨਿਚਰਵਾਰ ਨੂੰ ਪਠਾਨਕੋਟ ਦੇ ਮਾਮੂਨ ਕੈਂਟ ਪਹੁੰਚੇ ਕੇਜੇ ਸਿੰਘ ਨੇ ਕਿਹਾ ਕਿ ਪਠਾਨਕੋਟ ਏਅਰਫੋਰਸ ਸਟੇਸ਼ਨ 'ਤੇ ਅੱਤਵਾਦੀ ਹਮਲੇ ਤੋਂ ਬਾਅਦ ਜਾਂਚ ਵਿਚ ਲੱਗੀ ਪਾਕਿਸਤਾਨੀ ਟੀਮ ਦਾ ਇੱਥੇ ਆਉਣਾ ਜਾਂ ਨਾ ਆਉਣਾ ਭਾਰਤ ਸਰਕਾਰ ਦੇ ਫ਼ੈਸਲੇ 'ਤੇ ਨਿਰਭਰ ਹੈ। ਜੇਕਰ ਪਾਕਿਸਤਾਨੀ ਟੀਮ ਪਠਾਨਕੋਟ ਪਹੁੰਚਦੀ ਵੀ ਹੈ ਤਾਂ ਫ਼ੌਜ ਆਪਣੀ ਕੋਈ ਰਣਨੀਤਕ ਜਾਣਕਾਰੀ ਸਾਂਝੀ ਨਹੀਂ ਕਰੇਗੀ।
ਤਿੰਨ ਜ਼ਿਲਿ੍ਹਆਂ ਦੇ ਸੈਂਕੜੇ ਫ਼ੌਜੀਆਂ ਨੂੰ ਸੰਬੋਧਨ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪੱਛਮੀ ਕਮਾਂਡ ਮੁਖੀ ਨੇ ਕਿਹਾ ਕਿ ਹਮਲੇ ਸਬੰਧੀ ਜੋ ਜਾਣਕਾਰੀ ਮਿਲੀ ਹੈ, ਉਹ ਕਾਫੀ ਹੈਰਾਨ ਕਰਨ ਵਾਲੀ ਹੈ। ਅਸੀਂ ਅੱਤਵਾਦੀ ਜਥੇਬੰਦੀਆਂ ਦੇ ਮਨਸੂਬਿਆਂ ਨੂੰ ਨਾਕਾਮਯਾਬ ਕਰਨ ਲਈ ਪੂਰੀ ਤਿਆਰੀ ਕਰ ਲਈ ਹੈ। ਉਨ੍ਹਾਂ ਅੱਤਵਾਦੀ ਹਮਲੇ ਸਬੰਧੀ ਜਾਣਕਾਰੀ ਬਾਰੇ ਦੱਸਣ ਤੋਂ ਇਨਕਾਰ ਕਰ ਦਿੱਤਾ। ਪਿਛਲੇ ਦਿਨੀਂ ਜੰਮੂ-ਕਸ਼ਮੀਰ ਦੇ ਆਰਐਸਪੁਰਾ ਵਿਚ ਸੁਰੰਗ ਮਿਲਣ 'ਤੇ ਉਨ੍ਹਾਂ ਕਿਹਾ ਕਿ ਇਸ ਨਾਲ ਇਕ ਵੱਡੇ ਅੱਤਵਾਦੀ ਹਮਲੇ ਦੀ ਸਾਜਿਸ਼ ਨੂੰ ਨਾਕਾਮਯਾਬ ਕਰ ਦਿੱਤਾ ਗਿਆ ਹੈ। ਗ੍ਰਹਿ ਮੰਤਰਾਲਾ ਅਤੇ ਸੁਰੱਖਿਆ ਏਜੰਸੀਆਂ ਦੀ ਇਕ ਟੀਮ ਬਣਾਈ ਗਈ ਹੈ ਜੋ ਸਰਹੱਦ ਦੇ ਨਾਲ ਲੱਗਦੇ ਇਲਾਕਿਆਂ ਵਿਚ ਛਾਣਬੀਣ ਕਰਕੇ ਹੋਰ ਪਾਕਿਸਤਾਨੀ ਸੁਰੰਗਾਂ ਦਾ ਪਤਾ ਲਗਾ ਰਹੀ ਹੈ। ਇਸ ਤੋਂ ਪਹਿਲਾਂ ਲੈਫਟੀਨੈਂਟ ਜਨਰਲ ਨੇ ਪਠਾਨਕੋਟ, ਕਾਂਗੜਾ, ਜੰਮੂ, ਸਾਂਬਾ ਅਤੇ ਕਠੁਆ ਜ਼ਿਲਿ੍ਹਆਂ ਦੇ ਸਾਬਕਾ ਫ਼ੌਜੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਸੈਨਾ ਮੁਖੀ ਦਲਬੀਰ ਸਿੰਘ ਸੁਹਾਗ ਦਾ ਸੰਦੇਸ਼ ਸੁਣਾਇਆ। ਉਨ੍ਹਾਂ ਕਿਹਾ ਕਿ ਸੈਨਾ ਮੁਖੀ ਨੇ ਸਾਬਕਾ ਫੌਜੀਆਂ ਨੂੰ ਹਰ ਮਦਦ ਦੇਣ ਦਾ ਵਾਅਦਾ ਕੀਤਾ ਹੈ।