ਜੇਐਨਐਨ, ਨਵੀਂ ਦਿੱਲੀ : ਜੇਐਨਯੂ ਵਿਦਿਆਰਥੀ ਜਥੇਬੰਦੀ ਦੇ ਪ੍ਰਧਾਨ ਕਨੱ੍ਹਈਆ ਕੁਮਾਰ ਨੂੰ ਲੈਕੇ ਸਨਸਨੀਖੇਜ਼ ਐਲਾਨਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। ਬਦਾਯੂੰ ਭਾਜਯੁਮੋ ਜ਼ਿਲ੍ਹਾ ਪ੍ਰਧਾਨ ਕੁਲਦੀਪ ਵਾਰਸ਼ਣੇਅ ਦੇ ਬਾਅਦ ਹੁਣ ਪੁਰਵਾਂਚਲ ਸੈਨਾ ਦੇ ਪ੍ਰਧਾਨ ਆਦਰਸ਼ ਕੁਮਾਰ ਨੇ ਕਨੱ੍ਹਈਆ ਨੂੰ ਜਾਨ ਤੋਂ ਮਾਰਨ ਵਾਲੇ ਨੂੰ 11 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਕੀਤਾ ਹੈ। ਦਿੱਲੀ 'ਚ ਇਸ ਆਸ਼ੇ ਨੂੰ ਲੈਕੇ ਥਾਂ-ਥਾਂ ਪੋਸਟਰ ਚਿਪਕਾ ਦਿੱਤੇ ਗਏ ਹਨ। ਸੰਸਦ ਮਾਰਗ ਥਾਣੇ 'ਚ ਆਦਰਸ਼ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਉਨ੍ਹਾਂ ਤੋਂ ਇਕ ਘੰਟੇ ਤਕ ਪੁੱਛਗਿੱਛ ਕੀਤੀ ਗਈ।
ਜ਼ਿਕਰਯੋਗ ਹੈ ਕਿ ਕੁਲਦੀਪ ਵਾਰਸ਼ਣੇਯ ਨੇ ਸ਼ੁੱਕਰਵਾਰ ਨੂੰ ਕਨੱ੍ਹਈਆ ਦੀ ਜੀਭ ਕੱਟਣ 'ਤੇ ਪੰਜ ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ ਸੀ। ਇਸ 'ਤੇ ਭਾਜਪਾ ਨੇ ਉਨ੍ਹਾਂ ਨੂੰ ਛੇ ਸਾਲ ਲਈ ਪਾਰਟੀ ਤੋਂ ਬਰਖਾਸਤ ਕਰ ਦਿੱਤਾ ਸੀ। ਸ਼ਨਿਚਰਵਾਰ ਨੂੰ ਆਦਰਸ਼ ਕੁਮਾਰ ਵੱਲੋਂ ਪ੍ਰੈੱਸ ਕਲੱਬ ਅਤੇ ਨਵੀਂ ਦਿੱਲੀ ਨਗਰਪਾਲਿਕਾ ਖੇਤਰ ਸਮੇਤ ਕਈ ਥਾਵਾਂ 'ਤੇ ਪੋਸਟਰ ਲਗਾਏ ਗਏ। ਇਸ 'ਚ ਲਿਖਿਆ ਗਿਆ ਸੀ ਕਿ ਜੇਐਨਯੂ ਦੇ ਵਿਦਿਆਰਥੀ ਯੂਨੀਅਨ ਪ੍ਰਧਾਨ ਅਤੇ ਦੇਸ਼ਧ੍ਰੋਹੀੋ ਕਨੱ੍ਹਈਆ ਨੂੰ ਗੋਲੀ ਮਾਰਨ ਵਾਲੇ ਨੂੰ ਪੁਰਵਾਂਚਲ ਸੈਨਾ ਵੱਲੋਂ 11 ਲੱਖ ਰੁਪਏ ਦਾ ਇਨਾਮ ਦਿੱਤਾ ਜਾਏਗਾ। ਦੀਵਾਰਾਂ 'ਤੇ ਪੋਸਟਰ ਲੱਗਣ ਦੀ ਸੂਚਨਾ ਪਿਛੋਂ ਪੁੁਲਸ ਹਰਕਤ 'ਚ ਆ ਗਈ। ਪੁਲਸ ਨੇ ਆਦਰਸ਼ ਕੁਮਾਰ ਤੋਂ ਜਾਨਣ ਦੀ ਕੋਸ਼ਿਸ਼ ਕੀਤੀ ਕਿ ਆਖ਼ਰ ਇਕ ਕੰਮ ਉਨ੍ਹਾਂ ਨੇ ਕਿਸ ਦੇ ਇਸ਼ਾਰੇ 'ਤੇ ਕੀਤਾ।