- ਮਹਿਲਾ ਜਨਪ੍ਰਤੀਨਿਧੀਆਂ ਦੇ ਸੰਮੇਲਨ ਦੇ ਦੂਜੇ ਦਿਨ
- ਕਿਹਾ, ਮਰਦ ਕੌਣ ਹੁੰਦੇ ਨੇ ਅੌਰਤਾਂ ਨੂੰ ਤਾਕਤਵਰ ਬਣਾਉਣ ਵਾਲੇ
ਜਾਗਰਣ ਬਿਊਰੋ, ਨਵੀਂ ਦਿੱਲੀ : ਮਹਿਲਾ ਰਾਖਵਾਂਕਰਨ ਦਾ ਨਾਂ ਲਏ ਬਗੈਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰੇ ਦਲਾਂ ਨੂੰ ਇਸ ਮੁੱਦੇ 'ਤੇ ਸਿਆਸਤ ਨਾ ਕਰਨ ਦੀ ਅਪੀਲ ਕੀਤੀ ਹੈ। ਮਹਿਲਾ ਵਿਕਾਸ ਦੀ ਸੋਚ ਤੋਂ ਅੱਗੇ ਵਧਦੇ ਹੋਏ ਉਨ੍ਹਾਂ ਹੁਣ ਮਹਿਲਾ ਲੀਡਰਸ਼ਿਪ ਦੀ ਦਿਸ਼ਾ ਵਿਚ ਅੱਗੇ ਵਧਾਉਣ ਦਾ ਸੱਦਾ ਦਿੱਤਾ। ਸੋਮਵਾਰ ਨੂੰ ਸੰਸਦ ਦੇ ਕੇਂਦਰੀ ਹਾਲ 'ਚ ਮਹਿਲਾ ਜਨਪ੍ਰਤੀਨਿਧੀਆਂ ਦੇ ਸੰਮੇਲਨ ਦੇ ਦੂਜੇ ਦਿਨ ਪ੍ਰਧਾਨ ਮੰਤਰੀ ਨੇ ਅੱਧੀ ਆਬਾਦੀ ਨੂੰ ਉਨ੍ਹਾਂ ਦੀ ਤਾਕਤ ਯਾਦ ਦਿਵਾਈ। ਉਨ੍ਹਾਂ ਦੋ ਟੁੱਕ ਪੁੱਿਛਆ ਕਿ ਮਰਦ ਕੌਣ ਹੁੰਦੇ ਨੇ ਅੌਰਤਾਂ ਨੂੰ ਤਾਕਤਵਰ ਬਣਾਉਣ ਵਾਲੇ। ਦੇਸ਼ ਦੇ ਨਿਰਮਾਣ ਵਿਚ ਅੱਧੀ ਆਬਾਦੀ ਦੀ ਵੱਡੀ ਭੂਮਿਕਾ ਰਹੀ ਹੈ। ਉਹ ਖੁਦ ਤਾਕਤਵਰ ਹਨ, ਮਰਦਾਂ ਤੋਂ ਬਿਹਤਰ ਘਰ ਚਲਾਉਂਦੀਆਂ ਹਨ। ਅੌਰਤਾਂ ਨੂੰ ਖੁਦ 'ਤੇ ਮਾਣ ਕਰਨ ਦੀ ਸਲਾਹ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਉਨ੍ਹਾਂ ਵਿਚ ਈਸ਼ਵਰ ਦੀ ਸ਼ਕਤੀ ਹੁੰਦੀ ਹੈ। ਜਿਸ ਘਰ ਵਿਚ ਅੌਰਤਾਂ ਨਹੀਂ ਹੁੰਦੀਆਂ, ਉੱਥੇ ਮਰਦ ਨਾ ਤਾਂ ਚੰਗੀ ਤਰ੍ਹਾਂ ਜ਼ਿੰਮੇਵਾਰੀ ਨਿਭਾਉਂਦੇ ਹਨ ਅਤੇ ਨਾ ਹੀ ਲੰਮੇ ਸਮੇਂ ਤਕ ਜਿਊਂਦੇ ਹਨ। ਇਸ ਦੇ ਉਲਟ ਜਿਸ ਪਰਿਵਾਰ ਦੀ ਮੁਖੀ ਅੌਰਤ ਹੁੰਦੀ ਹੈ, ਉਹ ਖੁਸ਼ਹਾਲ ਹੁੰਦਾ ਹੈ। ਅੌਰਤਾਂ ਹਰ ਚੁਣੌਤੀ, ਹਰ ਜ਼ਿੰਮੇਵਾਰੀ ਨੂੰ ਬਿਹਤਰ ਤਰੀਕੇ ਨਾਲ ਨਿਭਾਉਂਦੀਆਂ ਹਨ।
ਤਕਨੀਕ ਦੀ ਵਰਤੋਂ ਵਿਚ ਅੌਰਤਾਂ ਨੂੰ ਮਰਦਾਂ ਤੋਂ ਅੱਗੇ ਦੱਸਦੇ ਹੋਏ ਮੋਦੀ ਨੇ ਕਿਹਾ ਕਿ ਰਸੋਈ 'ਚ ਕੰਮ ਕਰਨ ਵਾਲੀਆਂ ਅੰਨਪੜ੍ਹ ਅੌਰਤਾਂ ਵੀ ਮਾਹਰ ਹੁੰਦੀਆਂ ਹਨ। ਉਨ੍ਹਾਂ ਅੌਰਤਾਂ ਨੂੰ ਤਕਨੀਕੀ ਨਿਗਾਹ ਨਾਲ ਵੱਧ ਜਾਣਕਾਰ ਅਤੇ ਜਾਗਰੂਕ ਬਣਨ ਦੀ ਸਲਾਹ ਦਿੱਤੀ। ਮੋਦੀ ਨੇ ਕਿਹਾ ਕਿ ਲੋਕ ਪ੍ਰਤੀਨਿਧੀ ਨਵੀਂ ਤਕਨੀਕ ਦੀ ਵਰਤੋਂ ਕਰਕੇ ਲੋਕ ਹਿੱਤ ਦਾ ਕੰਮ ਚੰਗੀ ਤਰ੍ਹਾਂ ਕਰ ਸਕਦੇ ਹਨ। ਉਨ੍ਹਾਂ ਮਹਿਲਾ ਪ੍ਰਤੀਨਿਧੀਆਂ ਲਈ ਈ-ਪਲੇਟਫਾਰਮ ਤਿਆਰ ਕਰਨ ਦੀ ਇੱਛਾ ਪ੍ਰਗਟਾਈ ਅਤੇ ਕਿਹਾ ਕਿ ਇਸ ਦੇ ਲਈ ਸੰਸਦ ਦੀ ਰਾਏ ਲੈਣਗੇ। ਨਵੀਂ ਤਕਨੀਕ ਜ਼ਰੀਏ ਅੌਰਤਾਂ ਆਪਣੀ ਆਵਾਜ਼ ਆਮ ਲੋਕਾਂ ਤਕ ਕਿਵੇਂ ਪਹੁੰਚਾਉਣ, ਇਸ 'ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਮਹਿਲਾ ਜਨ ਪ੍ਰਤੀਨਿਧੀਆਂ ਦਾ ਸਮੇਲਨ ਲੋਕ ਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਕੀਤਾ ਸੀ।
ਬਾਕਸ
ਰਾਜਨੀਤੀ ਤੋਂ ਬਾਜ਼ ਆਉਣ ਦੀ ਸਲਾਹ
ਮਹਿਲਾ ਸਸ਼ਕਤੀਕਰਨ ਦੇ ਮੁੱਦੇ 'ਤੇ ਸਿਆਸਤ ਤੋਂ ਪ੍ਰਹੇਜ਼ ਕਰਨ ਦੀ ਅਪੀਲ ਕਰਦੇ ਹੋਏ ਮੋਦੀ ਨੇ ਕਿਹਾ ਕਿ ਸਾਰੇ ਦਲਾਂ ਨੂੰ ਮਿਲ ਕੇ ਯਤਨ ਕਰਨਾ ਚਾਹੀਦਾ ਹੈ। ਮਹਿਲਾ ਇਕਾਈ ਨੂੰ ਤਾਕਤਵਰ ਬਣਾਉਣ ਦੀ ਕੋਸ਼ਿਸ਼ ਹੋਣੀ ਚਾਹੀਦੀ ਹੈ। ਖੁਦ ਅੌਰਤਾਂ ਨੂੰ ਵੀ ਅੱਗੇ ਵਧ ਕੇ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ। ਸੰਸਦ ਵਿਚ ਕਾਨੂੰਨ ਬਣਾਉਂਦੇ ਸਮੇਂ ਅੌਰਤਾਂ ਨੂੰ ਆਪਣਾ ਸਕਾਰਾਤਮਕ ਪੱਖ ਦੇਖਣਾ ਚਾਹੀਦਾ ਹੈ।