- ਚੰਗੀ ਸ਼ੁਰੂਆਤ ਤੋਂ ਬਾਅਦ ਲੜਖੜਾਈ ਮੇਜ਼ਬਾਨ ਟੀਮ
- ਸੁਰੈਸ਼ ਰੈਨਾ ਨੇ ਬਣਾਈਆਂ ਸਭ ਤੋਂ ਵੱਧ 30 ਦੌੜਾਂ
ਬੇਂਗਲੁਰੂ, ਏਜੰਸੀ : ਨਿਯਮਿਤ ਵਕਫ਼ੇ 'ਤੇ ਵਿਕਟਾਂ ਡਿੱਗਣ ਕਾਰਨ ਭਾਰਤ ਟਵੰਟੀ-20 ਵਿਸ਼ਵ ਕੱਪ ਦੇ ਅਹਿਮ ਮੁਕਾਬਲੇ ਵਿਚ ਬੁੱਧਵਾਰ ਨੂੰ ਬੰਗਲਾਦੇਸ਼ ਖ਼ਿਲਾਫ਼ ਮਜ਼ਬੂਤ ਸਕੋਰ ਬਣਾਉਣ ਵਿਚ ਨਾਕਾਮ ਰਿਹਾ। ਭਾਰਤ ਨੇ 20 ਓਵਰਾਂ ਵਿਚ ਸੱਤ ਵਿਕਟਾਂ ਗੁਆ ਕੇ 146 ਦੌੜਾਂ ਬਣਾਈਆਂ। ਸੁਰੇਸ਼ ਰੈਨਾ ਨੇ ਸਭ ਤੋਂ ਵੱਧ 30 ਦੌੜਾਂ ਬਣਾਈਆਂ।
ਏਸ਼ੀਆ ਕੱਪ ਵਿਚ ਭਾਰਤ ਹੱਥੋਂ ਹਾਰ ਕੇ ਉਪ ਜੇਤੂ ਰਹੀ ਬੰਗਲਾਦੇਸ਼ੀ ਟੀਮ ਕੋਲ ਫਿਲਹਾਲ ਗੁਆਉਣ ਲਈ ਕੁਝ ਨਹੀਂ ਹੈ। ਇਕ ਪਾਸੇ ਹਾਰ ਉਸ ਨੂੰ ਟੂਰਨਾਮੈਂਟ 'ਚੋਂ ਬਾਹਰ ਕਰ ਦੇਵੇਗੀ, ਪ੍ਰੰਤੂ ਜੇਕਰ ਮੇਜ਼ਬਾਨ ਭਾਰਤੀ ਟੀਮ ਉਲਟਫੇਰ ਦਾ ਸ਼ਿਕਾਰ ਹੋਈ ਤਾਂ ਉਸ ਦੀਆਂ ਉਮੀਦਾਂ ਲਗਪਗ ਖਤਮ ਹੀ ਹੋ ਜਾਣਗੀਆਂ। ਅਜਿਹੇ ਹਾਲਾਤ ਵਿਚ ਟੀਮ ਇੰਡੀਆ ਲਈ ਇਹ ਮੈਚ ਬਹੁਤ ਹੀ ਮਹੱਤਵਪੂਰਨ ਹੈ। ਹਾਲਾਂਕਿ ਭਾਰਤ ਨੂੰ ਇਸ ਮੈਚ ਵਿਚ ਸਿਰਫ ਜਿੱਤ ਦਰਜ ਕਰਨਾ ਹੀ ਜ਼ਰੂਰੀ ਨਹੀਂ ਹੈ, ਬਲਕਿ ਉਸ ਨੂੰ ਵੱਡੇ ਫਰਕ ਨਾਲ ਇਹ ਮੈਚ ਜਿੱਤਣਾ ਹੋਵੇਗਾ।
ਬੰਗਲਾਦੇਸ਼ ਨੇ ਟਾਸ ਜਿੱਤ ਕੇ ਭਾਰਤ ਨੂੰ ਪਹਿਲਾਂ ਬੱਲੇਬਾਜ਼ੀ ਕਰਨ ਦੀ ਦਾਅਵਤ ਦਿੱਤੀ। ਭਾਰਤ ਦੀ ਸ਼ੁਰੂਆਤ ਤਾਂ ਚੰਗੀ ਰਹੀ ਪ੍ਰੰਤੂ ਜਲਦ ਹੀ ਦੋ ਵਿਕਟਾਂ ਡਿੱਗ ਗਈਆਂ। ਰੋਹਿਤ ਸ਼ਰਮਾ ਅਤੇ ਸ਼ਿਖਰ ਧਵਨ ਨੇ ਪਹਿਲੀ ਵਿਕਟ ਲਈ 42 ਦੌੜਾਂ ਦੀ ਸਾਂਝੇਦਾਰੀ ਕੀਤੀ। ਰੋਹਿਤ 18 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਉਨ੍ਹਾਂ ਦੇ ਤੁਰੰਤ ਬਾਅਦ ਧਵਨ 23 ਦੌੜਾਂ ਬਣਾ ਕੇ ਚੱਲਦੇ ਬਣੇ ਜਦੋਂ ਟੀਮ ਦਾ ਸਕੋਰ 45 ਸੀ। ਇਸ ਤੋਂ ਬਾਅਦ ਕੋਹਲੀ ਅਤੇ ਰੈਨਾ ਨੇ ਪਾਰੀ ਨੂੰ ਥੋੜ੍ਹਾ ਸੰਭਾਲਿਆ ਪ੍ਰੰਤੂ 95 ਦੇ ਸਕੋਰ 'ਤੇ ਕੋਹਲੀ 23 ਦੌੜਾਂ ਬਣਾ ਕੇ ਆਊਟ ਹੋ ਗਏ। ਥੋੜ੍ਹੀ ਦੇਰ ਬਾਅਦ ਰੈਨਾ ਵੀ 30 ਦੌੜਾਂ ਬਣਾ ਕੇ ਚੱਲਦੇ ਬਣੇ।
ਉਸ ਸਮੇਂ ਟੀਮ ਦਾ ਸਕੋਰ ਸੀ 112। ਪਾਂਡਿਆ ਨੇ ਕੁਝ ਚੰਗੀਆਂ ਸ਼ਾਟਾਂ ਲਗਾਈਆਂ ਪ੍ਰੰਤੂ ਉਹ ਜ਼ਿਆਦਾ ਦੇਰ ਤਕ ਨਹੀਂ ਟਿਕ ਸਕੇ ਅਤੇ 9 ਗੇਂਦਾਂ 'ਤੇ 15 ਦੌੜਾਂ ਬਣਾ ਸਕੇ। ਯੁਵਰਾਜ ਵੀ ਕੇਵਲ ਤਿੰਨ ਦੌੜਾਂ ਹੀ ਬਣਾ ਕੇ ਚੱਲਦੇ ਬਣੇ। ਕਪਤਾਨ ਮਹਿੰਦਰ ਸਿੰਘ ਧੋਨੀ 13 ਦੌੜਾਂ ਬਣਾ ਕੇ ਨਾਟ ਆਊਟ ਰਹੇ। ਇਸ ਦੌਰਾਨ 18ਵੇਂ ਓਵਰ ਵਿਚ ਧੋਨੇ ਨੇ ਟੀ-20 ਕੈਰੀਅਰ ਵਿਚ 1000 ਦੌੜਾਂ ਪੂਰੀਆਂ ਕਰ ਲਈਆਂ।
50 ਦੌੜਾਂ ਨਾਲ ਦਰਜ ਕਰਨੀ ਹੋਵੇਗੀ ਜਿੱਤ
ਟੀਮ ਇੰਡੀਆ ਨੂੰ ਸੈਮੀ ਫਾਈਨਲ ਦਾ ਰਾਹ ਆਸਾਨ ਬਣਾਉਣ ਲਈ ਬੰਗਲਾਦੇਸ਼ ਖ਼ਿਲਾਫ਼ ਘੱਟੋ ਘੱਟ 50 ਦੌੜਾਂ ਨਾਲ ਜਿੱਤ ਦਰਜ ਕਰਨੀ ਹੋਵੇਗੀ। ਇਸ ਨਾਲ ਉਸ ਦਾ ਰਨ ਰੈੱਟ ਬਿਹਤਰ ਹੋ ਜਾਵੇਗਾ। ਇਸ ਦੇ ਨਾਲ ਹੀ ਉਸ ਨੂੰ ਆਸਟਰੇਲੀਆ 'ਤੇ ਵੀ ਜਿੱਤ ਦਰਜ ਕਰਨੀ ਹੋਵੇਗੀ।
ਹਾਕੀ ਟੀਮ ਦੇਖਣ ਪਹੁੰਚੀ ਮੈਚ
ਭਾਰਤੀ ਪੁਰਸ਼ ਹਾਕੀ ਟੀਮ ਵੀ ਮੈਚ ਦੇਖਣ ਲਈ ਸਟੇਡੀਅਮ ਵਿਚ ਮੌਜੂਦ ਸੀ। ਦਰਅਸਲ ਬੀਸੀਸੀਆਈ ਨੇ ਹਾਕੀ ਟੀਮ ਨੂੰ ਟੀਮ ਇੰਡੀਆ ਦਾ ਮੈਚ ਦੇਖਣ ਲਈ ਨਿਓਤਾ ਦਿੱਤਾ ਸੀ। ਇਹ ਪਹਿਲਾ ਮੌਕਾ ਹੈ ਕਿ ਬੀਸੀਸੀਆਈ ਨੇ ਭਾਰਤ ਵਿਚ ਕਿਸੇ ਦੂਸਰੀ ਖੇਡ ਦੀ ਰਾਸ਼ਟਰੀ ਟੀਮ ਦੇ ਖਿਡਾਰੀਆਂ ਨੂੰ ਮੈਚ ਦੇਖਣ ਲਈ ਬੁਲਾਇਆ ਹੈ। ਭਾਰਤੀ ਹਾਕੀ ਟੀਮ ਬੇਂਗਲੁਰੂ ਵਿਚ ਸੁਲਤਾਨ ਅਜ਼ਲਾਨ ਸ਼ਾਹ ਟੂਰਨਾਮੈਂਟ ਲਈ ਚੱਲ ਰਹੇ ਰਾਸ਼ਟਰੀ ਕੈਂਪ ਵਿਚ ਅਭਿਆਸ ਕਰ ਰਹੀ ਹੈ।