ਪੱਤਰ ਪ੍ਰੇਰਕ, ਜਲੰਧਰ : ਪ੍ਰਸ਼ਾਸਨ ਵੱਲੋਂ ਸਹਾਇਕ ਡੀਸੀ ਮੈਡਮ ਸ਼ਿਖਾ ਭਗਤ ਨੇ ਤਹਿਸੀਲ ਦੇ ਪੋਲੋਰਾਈਡ ਫੋਟੋ ਖਿੱਚਣ ਦੇ ਠੇਕੇ ਦੀ ਬੋਲੀ ਕਰਵਾਈ। ਬੋਲੀ ਦੌਰਾਨ ਜਲੰਧਰ ਤੋਂ ਇਲਾਵਾ ਹੁਸ਼ਿਆਰਪੁਰ ਤੋਂ ਵੀ ਬੋਲੀਦਾਤਾਵਾਂ ਨੇ ਬੋਲੀ ਦਿੱਤੀ। ਬੋਲੀ ਦੌਰਾਨ ਸਫਲ ਰਹਿਣ ਵਾਲੇ ਜਲੰਧਰ ਦੇ ਸੁਭਾਸ਼ ਚੰਦਰ ਸ਼ਰਮਾ ਨੇ 8 ਮਹੀਨਿਆਂ ਲਈ ਕਰੀਬ 8 ਲੱਖ ਰੁਪਏ ਦੀ ਸਫਲ ਬੋਲੀ ਦਿੱਤੀ। ਇਸ ਦੌਰਾਨ ਸੁਭਾਸ਼ ਚੰਦਰ ਪ੍ਰਸ਼ਾਸਨ ਨੂੰ ਆਪਣੇ ਵੱਲੋਂ ਕੁਝ ਸ਼ਰਤਾਂ ਵੀ ਦੱਸੀਆਂ, ਜਿਨ੍ਹਾਂ ਵਿਚ ਪੂਰੇ ਪ੍ਰਸ਼ਾਸ਼ਕੀ ਕੰਪਲੈਕਸ 'ਚ ਕਿਸੇ ਹੋਰ ਨੂੰ ਫੋਟੋ ਖਿੱਚਣ ਦੀ ਮਨਾਹੀ ਤੇ ਪ੍ਰਸ਼ਾਸਕੀ ਕੰਪਲੈਕਸ ਵਿਖੇ ਕਿਸੇ ਵੀ ਦਸਤਾਵੇਜ਼ ਉੱਪਰ ਲੱਗਣ ਵਾਲੀਆਂ ਫੋਟੋਆਂ ਉਨ੍ਹਾਂ ਵੱਲੋਂ ਜਾਰੀ ਕਰਨ ਦੀਆਂ ਸ਼ਰਤਾਂ ਸ਼ਾਮਿਲ ਸਨ। ਬੋਲੀਦਾਤਾ ਦੀਆਂ ਸ਼ਰਤਾਂ ਮੁਤਾਬਕ ਅਗਰ ਰਜਿਸਟਰੀ ਕਰਵਾਉਣ ਲਈ ਕਿਸੇ ਪਲਾਟ ਜਾਂ ਮਕਾਨ ਤੱਕ ਦੀ ਵੀ ਫੋਟੋ ਲਗਾਈ ਜਾਵੇਗੀ, ਉਹ ਉਨ੍ਹਾਂ ਵੱਲੋਂ ਮਨਜ਼ੂਰ ਹੋਵੇ ਤੇ ਉਸ ਉੱਪਰ ਉਨ੍ਹਾਂ ਦੀ ਮੋਹਰ ਲੱਗੀ ਹੋਣੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਇਹ ਠੇਕਾ 8 ਮਹੀਨਿਆਂ ਲਈ ਦਿੱਤਾ ਗਿਆ ਹੈ ਤੇ ਇਸ ਦੌਰਾਨ ਉਨ੍ਹਾਂ ਨੂੰ ਕਰੀਬ ਇਕ ਲੱਖ ਰੁਪਏ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਅਦਾ ਕਰਨੇ ਪੈਣਗੇ। ਸੂਤਰਾਂ ਅਨੁਸਾਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਫਲ ਬੋਲੀਦਾਤਾ ਦੀਆਂ ਸ਼ਰਤਾਂ ਨੂੰ ਮੰਨ ਲਿਆ ਗਿਆ ਹੈ ਪਰ ਉਸਨੂੰ ਅਜੇ ਲਿਖਤੀ ਤੌਰ 'ਤੇ ਨਹੀਂ ਦਿੱਤਾ ਗਿਆ।
↧