ਦਮਿਸ਼ਕ (ਏਜੰਸੀ) : ਖਾਨਾਜੰਗੀ ਨਾਲ ਜੂਝ ਰਹੇ ਸੀਰੀਆ ਵਿਚ ਇਕ ਅਹਿਮ ਘਟਨਾ ਚੱਕਰ ਤਹਿਤ ਰਾਸ਼ਟਰਪਤੀ ਬਸ਼ਰ ਅਲ ਅਸਦ ਦੇ ਅਲਾਵੀ ਭਾਈਚਾਰੇ ਦੇ ਕਈ ਆਗੂਆਂ ਨੇ ਇਕ ਦਸਤਾਵੇਜ਼ ਜਾਰੀ ਕਰਕੇ ਅਸਦ ਦੇ ਸ਼ਾਸਨ ਤੋਂ ਕਿਨਾਰਾ ਕਰ ਲਿਆ ਹੈ। ਅਲਾਵੀ ਸੰਪ੍ਰਦਾਇ ਦੇ ਆਗੂਆਂ ਨੇ ਆਪਣੇ ਭਾਈਚਾਰੇ ਦੇ ਭਵਿੱਖ ਦੀ ਰੂਪ-ਰੇਖਾ ਵੀ ਤਿਆਰ ਕਰ ਲਈ ਹੈ। ਇਕ ਅਜਿਹਾ ਦਸਤਾਵੇਜ਼ ਮਿਲਿਆ ਹੈ ਜਿਸ ਨੂੰ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲਿਆਂ ਦਾ ਕਹਿਣਾ ਹੈ ਕਿ ਅਲਾਵੀ ਭਾਈਚਾਰਾ ਅਸਦ ਦੇ ਸ਼ਾਸਨ ਤੋਂ ਪਹਿਲਾਂ ਵੀ ਹੋਂਦ ਵਿਚ ਸੀ ਅਤੇ ਉਸ ਮਗਰੋਂ ਵੀ ਰਹੇਗਾ।
ਉਨ੍ਹਾਂ ਦਾ ਕਹਿਣਾ ਹੈ ਕਿ ਇਹ ਦਸਤਾਵੇਜ਼ ਅਲਾਵੀ ਭਾਈਚਾਰੇ ਦੀ ਮੁਕਤੀ ਦੇ ਰਾਹ ਨੂੰ ਮਜ਼ਬੂਤ ਕਰੇਗਾ ਤੇ ਉਨ੍ਹਾਂ ਦੀ ਅਲੱਗ ਪਛਾਣ ਅਲਾਵੀਓ ਅਤੇ ਅਸਦ ਸ਼ਾਸਨ ਵਿਚਾਲੇ ਗਰਭ ਨਾਲੀ ਦਾ ਕੰਮ ਕਰੇਗਾ। 8 ਪੰਨਿਆਂ ਦੇ ਦਸਤਾਵੇਜ਼ ਵਿਚ ਅਲਾਵੀਓ ਲਈ ਇਸਲਾਮ ਦੇ ਅੰਦਰ ਤੀਜੇ ਮਾਡਲ ਦੀ ਗੱਲ ਕਹੀ ਗਈ ਹੈ। ਅਲਾਵੀ ਆਗੂਆਂ ਦਾ ਕਹਿਣਾ ਹੈ ਕਿ ਇਸਲਾਮ ਵਿਚ ਵੱਖ-ਵੱਖ ਭਾਈਚਾਰਿਆਂ ਵਿਚਾਲੇ ਮਤਭੇਦ ਦੂਰ ਕਰਨ ਲਈ ਵਚਨਬੱਧ ਹਨ।
ਧਰਮ ਨਿਰਪੱਖਤਾ ਨੂੰ ਸੀਰੀਆ ਦਾ ਭਵਿੱਖ ਦੱਸਦੇ ਹੋਏ ਇਨ੍ਹਾਂ ਆਗੂਆਂ ਨੇ ਕਿਹਾ ਕਿ ਦੇਸ਼ ਵਿਚ ਅਜਿਹੀ ਸ਼ਾਸਨ ਵਿਵਸਥਾ ਹੋਣੀ ਚਾਹੀਦੀ ਹੈ ਜਿਸ ਵਿਚ ਇਸਲਾਮ, ਇਸਾਈ ਅਤੇ ਦੂਜੇ ਧਰਮਾਂ ਨੂੰ ਬਰਾਬਰੀ ਦਾ ਸਥਾਨ ਦਿੱਤਾ ਜਾਵੇਗਾ। ਅਲਾਵੀ ਭਾਈਚਾਰੇ ਦਾ ਉਦੈ 10ਵੀਂ ਸਦੀ ਵਿਚ ਗੁਆਂਢੀ ਦੇਸ਼ ਇਰਾਕ ਵਿਚ ਹੋਇਆ ਸੀ ਅਤੇ ਸੀਰੀਆ ਵਿਚ ਇਨ੍ਹਾਂ ਦੀ ਆਬਾਦੀ ਕਰੀਬ 12 ਫੀਸਦੀ ਹੈ। ਅਲਾਵੀਆਂ ਦੇ ਧਾਰਮਿਕ ਵਿਸ਼ਵਾਸਾਂ ਬਾਰੇ ਬਹੁਤ ਘੱਟ ਜਾਣਕਾਰੀ ਹੈ ਕਿਉਂਕਿ ਉਹ ਆਪਣੀ ਪਛਾਣ ਲੁਕਾ ਕੇ ਰੱਖਦੇ ਹਨ। ਹਾਲਾਂਕਿ ਜ਼ਿਆਦਾਤਰ ਸੋਮਿਆਂ ਮੁਤਾਬਕ ਅਲਾਵੀ ਖੁਦ ਨੂੰ ਪਹਿਲਾਂ ਸ਼ਿਆ ਇਮਾਮ ਅਲੀ ਨਾਲ ਜੋੜ ਕੇ ਦੇਖਦੇ ਹਨ। ਉਨ੍ਹਾਂ ਦੀਆਂ ਧਾਰਮਿਕ ਆਸਥਾਵਾਂ ਸ਼ਿਆ ਇਸਲਾਮ ਦੇ ਮੁੱਖ ਫਿਰਕੇ ਇਥਨਾ ਆਸ਼ਰੀ ਤੋਂ ਕੁਝ ਵੱਖ ਹਨ।