ਨਵੀਂ ਦਿੱਲੀ (ਪੀਟੀਆਈ) : ਸੁਪਰੀਮ ਕੋਰਟ ਨੇ ਸੋਮਵਾਰ ਨੂੰ ਦਿੱਲੀ ਯੂਨੀਵਰਸਿਟੀ ਦੇ ਪ੍ਰੋਫੈਸਰ ਜੀਐਨ ਸਾਈਂ ਬਾਬਾ ਨੂੰ ਜ਼ਮਾਨਤ ਦੇ ਦਿੱਤੀ। ਸਾਈਂ ਬਾਬਾ 'ਤੇ ਕਥਿਤ ਰੂਪ ਵਿਚ ਮਾਓਵਾਦੀਆਂ ਨਾਲ ਸੰਪਰਕ ਰੱਖਣ ਦਾ ਦੋਸ਼ ਹੈ। ਜਸਟਿਸ ਜੇਐਸ ਖੇਹਰ ਅਤੇ ਸੀ ਨਾਗੱਪਨ ਦੇ ਬੈਂਚ ਨੇ ਸਾਈਂ ਬਾਬਾ ਦੀ ਪਟੀਸ਼ਨ ਦਾ ਵਿਰੋਧ ਕਰਨ ਲਈ ਮਹਾਰਾਸ਼ਟਰ ਸਰਕਾਰ ਦੇ ਵਕੀਲ ਦੀ ਖਿਚਾਈ ਵੀ ਕੀਤੀ। ਬੈਂਚ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਨੂੰ ਦੇਖਦੇ ਹੋਏ ਤੁਸੀਂ ਉਨ੍ਹਾਂ ਨਾਲ 'ਬੇਹੱਦ ਅਣਉੱਚਿਤ' ਵਿਹਾਰ ਕਰ ਰਹੇ ਹੋ। ਜੇਕਰ ਸਬੂਤ ਸਮੱਗਰੀ ਦੀ ਪੜਤਾਲ ਕੀਤੀ ਜਾਵੇ ਤਾਂ ਉਨ੍ਹਾਂ ਨੂੰ ਜੇਲ੍ਹ ਵਿਚ ਰੱਖਣ ਦਾ ਕੋਈ ਮੁੱਦਾ ਹੀ ਨਹੀਂ ਹੈ। ਮਹਾਰਾਸ਼ਟਰ ਸਰਕਾਰ ਦੇ ਵਕੀਲ ਨੇ ਕਿਹਾ ਕਿ ਇਸਤਗਾਸਾ ਪੱਖ ਦੇ ਕੁਝ ਅਤਿਅੰਤ ਮਹੱਤਵਪੂਰਨ ਸਬੂਤਾਂ ਦੀ ਪੜਤਾਲ ਜ਼ਰੂਰੀ ਹੈ ਪ੍ਰੰਤੂ ਬੈਂਚ ਉਨ੍ਹਾਂ ਦੀ ਇਸ ਦਲੀਲ ਨਾਲ ਸਹਿਮਤ ਨਹੀਂ ਹੋਇਆ ਅਤੇ ਨਾਗਪੁਰ ਜੇਲ੍ਹ ਵਿਚ ਬੰਦ ਪ੍ਰੋ. ਸਾਈਂ ਬਾਬਾ ਨੂੰ ਜ਼ਮਾਨਤ ਦੇ ਦਿੱਤੀ। ਹੇਠਲੀ ਅਦਾਲਤ ਵਿਚ ਮਹੱਤਵਪੂਰਨ ਸਬੂਤਾਂ ਦੀ ਪੜਤਾਲ ਅਤੇ ਮਾਮਲੇ ਦੀ ਦਿਨ ਪ੍ਰਤੀ ਦਿਨ ਸੁਣਵਾਈ ਦੇ ਨਿਰਦੇਸ਼ ਦੇਣ ਤੋਂ ਬਾਅਦ 29 ਫਰਵਰੀ ਨੂੰ ਉੱਚ ਅਦਾਲਤ ਦੇ ਇਸੇ ਬੈਂਚ ਨੇ ਕਿਹਾ ਸੀ ਕਿ ਉਹ ਸਾਈਂ ਬਾਬਾ ਨੂੰ ਜ਼ਮਾਨਤ ਦੇਣ 'ਤੇ ਵਿਚਾਰ ਕਰ ਸਕਦੀ ਹੈ।
↧