- ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨਾਲ ਰਾਜਨਾਥ ਸਿੰਘ ਨੂੰ ਮਿਲੇ ਸਿੱਖ ਨੇਤਾ
- ਗੁਰਦੁਆਰੇ ਦਾ ਪਿਆਓ ਬਚਾਉਣ ਦੀ ਮੰਗ, ਸੋਮਵਾਰ ਨੂੰ ਉਪ ਰਾਜਪਾਲ ਨੂੰ ਮਿਲਣਗੇ ਸਿੱਖ ਨੇਤਾ
ਸਟੇਟ ਬਿਊਰੋ, ਨਵੀਂ ਦਿੱਲੀ : ਸੀਸਗੰਜ ਗੁਰਦੁਆਰੇ ਦੇ ਪਿਆਓ ਦਾ ਮੱਦਾ ਤੂਲ ਫੜਦਾ ਜਾ ਰਿਹਾ ਹੈ। ਹੁਣ ਇਹ ਮਾਮਲਾ ਕੇਂਦਰੀ ਗ੍ਰਹਿ ਮੰਤਰੀ ਕੋਲ ਪਹੁੰਚ ਗਿਆ ਹੈ। ਦਰਅਸਲ ਅਗਲੇ ਸਾਲ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਹਨ। ਇਸ ਲਈ ਸ਼ੋ੍ਰਮਣੀ ਅਕਾਲੀ ਦਲ ਇਸ ਮੁੱਦੇ ਨੂੰ ਹਮਲਾਵਰ ਤਰੀਕੇ ਨਾਲ ਚੁੱਕ ਕੇ ਪੰਜਾਬ ਦੇ ਲੋਕਾਂ ਨੂੰ ਸੰਕੇਤ ਦੇਣਾ ਚਾਹੁੰਦਾ ਹੈ ਕਿ ਪੰਥਕ ਮਾਮਲੇ ਵਿਚ ਉਹ ਕਿਸੇ ਤਰ੍ਹਾਂ ਦਾ ਸਮਝੌਤਾ ਨਹੀਂ ਕਰੇਗਾ। ਇਸ ਲਈ ਐਤਵਾਰ ਨੂੰ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਡੀਐਸਜੀਪੀਸੀ) ਦੇ ਅਹੁਦੇਦਾਰਾਂ ਨਾਲ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਕੋਲ ਪਹੁੰਚੇ। ਸੋਮਵਾਰ ਨੂੰ ਸਿੱਖ ਨੇਤਾ ਉਪ ਰਾਜਪਾਲ ਨਜੀਬ ਜੰਗ ਨਾਲ ਮੁਲਾਕਾਤ ਕਰਨਗੇ।
ਡੀਐਸਜੀਪੀਸੀ ਅਤੇ ਸ਼ੋ੍ਰਮਣੀ ਅਕਾਲੀ ਦਲ ਦਾ ਕਹਿਣਾ ਹੈ ਕਿ ਚਾਂਦਨੀ ਚੌਕ ਤੋਂ ਕਬਜ਼ੇ ਹਟਾਉਣ ਦੇ ਨਾਂ 'ਤੇ ਦਿੱਲੀ ਸਰਕਾਰ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰ ਰਹੀ ਹੈ। ਡੀਐਸਜੀਪੀਸੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਦਾ ਕਹਿਣਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਨੂੰ ਪੂਰੀ ਘਟਨਾ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਉਨ੍ਹਾਂ ਦੋਸ਼ ਲਾਇਆ ਕਿ ਦਿੱਲੀ ਸਰਕਾਰ ਵੱਲੋਂ ਹਾਈ ਕੋਰਟ ਵਿਚ ਗਲਤ ਤੱਥ ਪੇਸ਼ ਕੀਤਾ ਗਿਆ ਹੈ, ਜਿਸ ਦੇ ਆਧਾਰ 'ਤੇ ਅਦਾਲਤ ਨੇ ਪਿਆਓ ਤੇ ਸਮਾਰਕ ਨੂੰ ਤੋੜਨ ਦਾ ਆਦੇਸ਼ ਦਿੱਤਾ ਹੈ। ਇਸ ਲਈ ਕੇਂਦਰ ਸਰਕਾਰ ਨੂੰ ਇਸ ਮਾਮਲੇ ਵਿਚ ਦਖਲ ਦੇਣਾ ਚਾਹੀਦਾ ਹੈ। ਗ੍ਰਹਿ ਮੰਤਰੀ ਨੇ ਉਨ੍ਹ੍ਰਾਂ ਨੂੰ ਭਰੋਸਾ ਦਿੱਤਾ ਹੈ ਕਿ ਦਿੱਲੀ ਦੇ ਉਪ ਰਾਜਪਾਲ ਇਸ ਮਾਮਲੇ ਵਿਚ ਉੱਚਿਤ ਕਦਮ ਚੁੱਕਣਗੇ। ਇਸ ਲਈ ਡੀਐਸਜੀਪੀਸੀ ਦੇ ਅਹੁਦੇਦਾਰ ਸੋਮਵਾਰ ਨੂੰ ਉਪ ਰਾਜਪਾਲ ਨੂੰ ਮਿਲ ਕੇ ਉਨ੍ਹਾਂ ਨੂੰ ਪੂਰੀ ਜਾਣਕਾਰੀ ਦੇਣਗੇ।
ਡੀਐਸਜੀਪੀਸੀ ਦਾ ਦੋਸ਼ ਹੈ ਕਿ ਗੁਰਦੁੁਆਰਾ ਸੀਸਗੰਜ ਸਾਹਿਬ 'ਚ ਪਿਆਓ ਨੂੰ ਤੋੜਨ ਤੇ ਭਾਈ ਮਤੀਦਾਸ ਸਮਾਰਕ ਨੂੰ ਡੇਗ ਕੇ ਦਿੱਲੀ ਸਰਕਾਰ ਦੀ ਫਿਰਕੂ ਤਣਾਅ ਕਾਇਮ ਕਰਨ ਦੀ ਸਾਜ਼ਿਸ਼ ਹੈ, ਪ੍ਰੰਤੂ ਸਿੱਖ ਇਸ ਸਾਜ਼ਿਸ਼ ਨੂੰ ਕਾਮਯਾਬ ਨਹੀਂ ਹੋਣ ਦੇਣਗੇ ਅਤੇ ਗੁਰੂ ਘਰ ਦੀ ਮਰਿਆਦਾ ਨੂੰ ਬਣਾਈ ਰੱਖਣ ਲਈ ਉਹ ਕੋਈ ਵੀ ਕੁਰਬਾਨੀ ਕਰਨ ਲਈ ਤਿਆਰ ਹਨ।