- ਕਿਹਾ, ਸਵੱਛ ਭਾਰਤ ਦੀ ਗੱਲ ਕਰਨਾ ਤੇ ਭਾਰਤ ਨੂੰ ਸਵੱਛ ਕਰਨਾ ਦੋ ਵੱਖ-ਵੱਖ ਗੱਲਾਂ
- ਦੇੇਵਨਾਰ ਡੰਪਿੰਗ ਗਰਾਉਂਡ ਨੂੰ ਬੰਦ ਕਰਨ ਦੀ ਮੰਗ ਕੀਤੀ
ਸਟੇਟ ਬਿਊਰੋ, ਮੁੰਬਈ : ਕਾਂਗਰਸ ਉਪ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਸਵੱਛ ਭਾਰਤ ਅਭਿਆਨ' 'ਤੇ ਫਿਰ ਨਿਸ਼ਾਨਾ ਸਾਧਿਆ ਹੈ। ਮੁੰਬਈ ਦੇ ਆਪਣੇ ਦੌਰੇ 'ਚ ਮੋਦੀ ਸਰਕਾਰ 'ਤੇ ਵਰ੍ਹਦਿਆਂ ਰਾਹੁਲ ਨੇ ਕਿਹਾ ਕਿ ਸਵੱਛ ਭਾਰਤ ਦੀ ਗੱਲ ਕਰਨਾ ਅਤੇ ਭਾਰਤ ਨੂੰ ਸਵੱਛ ਕਰਨਾ ਦੋ ਵੱਖ-ਵੱਖ ਗੱਲਾਂ ਹਨ।
ਮੰਗਲਵਾਰ ਨੂੰ ਮੰਬਈ ਦੇ ਦੇਵਨਾਰ ਡੰਪਿੰਗ ਗਰਾਉਂਡ ਦਾ ਦੌਰਾ ਕਰਨ ਤੋਂ ਬਾਅਦ ਰਾਹੁਲ ਗਾਂਧੀ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਇਸ ਡੰਪਿੰਗ ਗਰਾਉਂਡ ਨੂੰ ਬੰਦ ਕਰਨ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਦੇ ਸਵੱਛ ਭਾਰਤ ਅਭਿਆਨ ਵਿਚ ਸਪੱਸ਼ਟ ਨਿਗ੍ਹਾ ਦੀ ਕਮੀ ਹੈ। ਇਸ ਲਈ ਇਹ ਸਫਲ ਨਹੀਂ ਹੋ ਪਾ ਰਿਹਾ।
ਦੱਸਣਯੋਗ ਹੈ ਕਿ ਦੇਵਨਾਰ ਖੇਤਰ ਵਿਚ ਫੈਲੇ ਡੰਪਿੰਗ ਗਰਾਉਂਡ ਵਿਚ ਕੁਝ ਹਫਤੇ ਪਹਿਲਾਂ ਅੱਗ ਲੱਗ ਗਈ ਸੀ ਜਿਸ ਕਾਰਨ ਫੈਲੇ ਧੰੂਏਂ ਤੇ ਗੈਸ ਨਾਲ ਸਥਾਨਕ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਅਗਲੇ ਸਾਲ ਹੀ ਮੁੰਬਈ ਵਿਚ ਮਹਾ ਨਗਰਪਾਲਿਕਾ ਦੀਆਂ ਚੋਣਾਂ ਹਨ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਕਾਂਗਰਸ ਉਪ ਪ੍ਰਧਾਨ ਦੇਵਨਾਰ ਡੰਪਿੰਗ ਗਰਾਉਂਡ ਦਾ ਦੌਰਾ ਕੀਤਾ। ਰਾਹੁਲ ਨੇ ਕਿਹਾ ਕਿ ਪੀਐਮ ਮੋਦੀ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਇਹ ਡੰਪਿੰਗ ਗਰਾਉਂਡ ਖਤਮ ਕਰਨ ਲਈ ਸਪੱਸ਼ਟ ਰਣਨੀਤੀ ਦੇ ਨਾਲ ਸਾਹਮਣੇ ਆਉਣੇ ਚਾਹੀਦਾ ਹੈ।
ਮੁੰਬਈ ਕਾਂਗਰਸ ਪ੍ਰਧਾਨ ਸੰਜੇ ਨਿਰੂਪਮ ਤੇ ਸਾਬਕਾ ਪ੍ਰਧਾਨ ਿਯਪਾਸ਼ੰਕਰ ਨਾਲ ਰਾਹੁਲ ਗਾਂਧੀ ਨੇ ਡੰਪਿੰਗ ਗਰਾਉਂਡ ਕੋਲ ਰਹਿ ਰਹੇ ਕੁਝ ਲੋਕਾਂ ਨਾਲ ਵੀ ਮੁਲਾਕਾਤ ਕੀਤੀ। ਰਾਹੁਲ ਅਨੁਸਾਰ ਜੋ ਲੋਕ ਉਨ੍ਹਾਂ ਨੂੰ ਮਿਲੇ, ਉਹ ਰੋ ਰਹੇ ਸਨ। ਇਸ ਡੰਪਿੰਗ ਗਰਾਉਂਡ ਕਾਰਨ ਲੋਕ ਬਿਮਾਰ ਪੈ ਰਹੇ ਹਨ। ਲੋਕਾਂ ਨੂੰ ਟੀਬੀ ਵਰਗੀਆਂ ਖਤਰਨਾਕ ਬਿਮਾਰੀਆਂ ਹੋ ਰਹੀਆਂ ਹਨ। ਇਕ ਬੱਚੇ ਦੀ ਤਾਂ ਮੌਤ ਵੀ ਹੋ ਚੁੱਕੀ ਹੈ।