ਅਜ਼ਾਦ, ਸ਼ਾਹਕੋਟ/ਮਲਸੀਆਂ : ਬੀਤੇ ਦਿਨੀਂ ਪਿੰਡ ਪਰਜੀਆਂ ਖੁਰਦ (ਮਹਿਤਪੁਰ) ਦੇ ਛੱਪੜ 'ਚੋਂ ਮਕਸੂਦ ਸ਼ਾਹ ਦੀ ਲਾਸ਼ ਮਿਲਣ ਤੋਂ ਬਾਅਦ ਪੁਲਸ ਨੇ ਇਕ ਹਫ਼ਤੇ ਅੰਦਰ ਮਾਮਲੇ ਨੂੰ ਸੁਲਝਾ ਲਿਆ। ਹਰਮੋਹਨ ਸਿੰਘ ਐਸਐਸਪੀ ਦਿਹਾਤੀ ਜਲੰਧਰ ਵੱਲੋਂ ਇਸ ਮਾਮਲੇ 'ਚ ਸਪੈਸ਼ਲ ਜਾਂਚ ਟੀਮ ਮਨਦੀਪ ਸਿੰਘ ਗਿੱਲ ਡੀਐਸਪੀ (ਆਈ), ਰਵਿੰਦਰਪਾਲ ਸਿੰਘ ਿਢੱਲੋਂ ਡੀਐਸਪੀ ਸਬ ਡਵੀਜ਼ਨ ਸ਼ਾਹਕੋਟ ਦੀ ਯੋਗ ਅਗਵਾਈ ਹੇਠ ਇੰਸਪੈਕਟਰ ਉਂਕਾਰ ਸਿੰਘ ਬਰਾੜ ਐਸਐਚਓ ਮਾਡਲ ਥਾਣਾ ਸ਼ਾਹਕੋਟ, ਸਬ ਇੰਸਪੈਕਟਰ ਬਲਜਿੰਦਰ ਸਿੰਘ ਐਸਐਚਓ ਥਾਣਾ ਮਹਿਤਪੁਰ ਸਮੇਤ ਪੁਲਸ ਮੁਲਾਜ਼ਮਾਂ ਦੀ ਟੀਮ ਗਿਠਤ ਕੀਤੀ ਗਈ ਤਾਂ ਉਕਤ ਟੀਮ ਨੇ ਸਾਇੰਟੈਫਿਕ/ਆਧੁਨਿਕ ਢੰਗ ਨਾਲ ਇਸ ਕੇਸ ਨੂੰ ਹੱਲ ਕਰਦਿਆਂ ਤਿੰਨ ਕਾਤਲਾਂ ਨੂੰ ਗਿ੍ਰਫ਼ਤਾਰ ਕਰ ਲਿਆ, ਜਿਨ੍ਹਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।
ਇਸ ਸਬੰਧੀ ਡੀਐਸਪੀ ਸ਼ਾਹਕੋਟ ਨੇ ਦੱਸਿਆ ਕਿ ਮਕਸੂਦ ਸ਼ਾਹ ਪੁੱਤਰ ਦਿਲਾਵਰ ਸ਼ਾਹ ਪਿੰਡ ਠੰਡੀਪੁਰਾ ਜ਼ਿਲ੍ਹਾ ਕੁਪਵਾੜਾ (ਜੰਮੂ ਕਸ਼ਮੀਰ) ਮਲਸੀਆਂ ਵਿਖੇ ਕਿਰਾਏ ਦੇ ਮਕਾਨ 'ਚ ਆਪਣੇ ਸਾਥੀਆਂ ਨਾਲ ਰਹਿੰਦਾ ਸੀ ਤੇ ਪਿੰਡਾਂ 'ਚ ਲੋਈਆਂ, ਸ਼ਾਲ ਆਦਿ ਵੇਚਣਾ ਦਾ ਕੰਮ ਕਰਦਾ ਸੀ। ਬੀਤੀ 4 ਅਪ੍ਰੈਲ ਉਹ ਉਗਰਾਹੀ ਕਰਨ ਲਈ ਮੋਟਰਸਾਇਕਲ 'ਤੇ ਗਿਆ, ਪਰ ਵਾਪਸ ਨਾ ਆਇਆ, ਜਿਸ ਸਬੰਧੀ ਉਸ ਦੇ ਸਾਥੀ ਨੂਰ ਅਰਲ ਨੇ 6 ਅਪ੍ਰੈਲ ਨੂੰ ਥਾਣਾ ਸ਼ਾਹਕੋਟ ਵਿਖੇ ਗੁੰਮਸ਼ੁਦਗੀ ਦੀ ਰਪਟ ਦਰਜ ਕਰਾਈ। 9 ਅਪ੍ਰੈਲ ਨੂੰ ਮਕਸੂਦ ਦੀ ਲਾਸ਼ ਪਿੰਡ ਪਰਜੀਆਂ ਖੁਰਦ ਦੇ ਛੱਪੜ 'ਚੋਂ ਮਿਲੀ। ਤਫਤੀਸ਼ ਦੌਰਾਨ ਮਿ੍ਰਤਕ ਦੇ ਭਰਾ ਜਮਾਨ ਸ਼ਾਹ ਨੇ ਆਪਣੇ ਭਰਾ ਦੀ ਮੌਤ ਦਾ ਸ਼ੱਕ ਉਸ ਦੇ ਨਾਲ ਕੰਮ ਕਰਦੇ ਅਬਦੁਲ ਰਸ਼ੀਦ ਖਵਾਜਾ, ਮਜਨੀਤ ਸਿੰਘ ਵਾਸੀ ਟਾਹਲੀ ਥਾਣਾ ਸਦਰ ਨਕੋਦਰ ਤੇ ਅਮਨਦੀਪ ਸਿੰਘ ਵਾਸੀ ਕੰਨੀਆਂ ਖੁਰਦ ਥਾਣਾ ਸ਼ਾਹਕੋਟ 'ਤੇ ਪ੍ਰਗਟ ਕੀਤਾ ਕਿ ਇਨ੍ਹਾਂ ਨੇ ਆਪਣੇ ਹੋਰਨਾਂ ਸਾਥੀਆਂ ਨਾਲ ਮਿਲਕੇ ਉਸਦੇ ਭਰਾ ਮਕਸੂਦ ਸ਼ਾਹ ਨੂੰ ਮਾਰ ਦਿੱਤਾ ਹੈ ।
ਪ੍ਰੇਮ ਸਬੰਧਾਂ ਕਾਰਨ ਕੀਤਾ ਕਤਲ
ਡੀਐਸਪੀ ਨੇ ਦੱਸਿਆ ਕਿ ਕਤਲ ਦੀ ਵਜ੍ਹਾ ਇਹ ਸੀ ਕਿ ਮਿ੍ਰਤਕ ਕੋਲੋਂ ਅਬਦੁਲ ਰਸ਼ੀਦ ਨੇ ਕੁਝ ਪੈਸੇ ਲੈਣੇ ਸਨ ਤੇ ਇਕ ਸਾਲ ਪਹਿਲਾਂ ਮਕਸੂਦ ਆਪਣੇ ਪਰਿਵਾਰ ਸਮੇਤ ਜੰਮੂ ਕਸ਼ਮੀਰ ਤੋ ਆ ਕੇ ਮਲਸੀਆਂ ਕਿਰਾਏ 'ਤੇ ਰਹਿੰਦਾ ਸੀ ਤੇ ਉਸ ਸਮੇਂ ਤੋਂ ਹੀ ਮਿ੍ਰਤਕ ਦੀ ਪਤਨੀ ਪ੍ਰਵੇਜ ਨਾਲ ਅਬਦੁਲ ਰਸ਼ੀਦ ਦੇ ਨਾਜਾਇਜ਼ ਸਬੰਧ ਬਣ ਗਏ, ਜਿਸ ਬਾਰੇ ਮਕਸੂਦ ਨੂੰ ਸ਼ੱਕ ਪੈ ਗਿਆ ਸੀ। ਮਿ੍ਰਤਕ ਦੀ ਪਤਨੀ ਨੇ ਆਪਣੇ ਪ੍ਰੇਮੀ ਅਬਦੁਲ ਰਸ਼ੀਦ ਨਾਲ ਮਿਲ ਕੇ ਉਸ ਨੂੰ ਰਸਤੇ 'ਚੋਂ ਹਟਾਉਣ ਦੀ ਸਕੀਮ ਬਣਾਈ ਤੇ ਉਸ ਦਾ ਕਤਲ ਕਰਵਾ ਦਿੱਤਾ।
ਮਕਸੂਦ ਨੂੰ ਮਾਰਨ ਲਈ ਦਿੱਤੇ ਸਨ ਪੈਸੇ
ਅਬਦੁਲ ਰਸ਼ੀਦ ਨੇ ਮਕਸੂਦ ਨੂੰ ਆਪਣੇ ਆਟੋ 'ਚ ਬਿਠਾ ਕੇ ਸਾਥੀਆਂ ਨਾਲ ਗਿਣੇ-ਮਿਥੇ ਥਾਂ 'ਤੇ ਲਿਜਾ ਕੇ ਮਾਰ ਕੇ ਲਾਸ਼ ਪਰਜੀਆਂ ਖੁਰਦ ਦੇ ਛੱਪੜ 'ਚ ਸੁੱਟ ਦਿੱਤੀ। ਦੋਸ਼ੀ ਅਬੁਦਲ ਨੇ ਆਪਣੇ ਸਾਥੀਆਂ ਨੂੰ ਮਕਸੂਦ ਨੂੰ ਮਾਰਨ ਲਈ ਕੁਝ ਪੈਸੇ ਵੀ ਦਿੱਤੇ ਸਨ। ਇਸ ਤਫਤੀਸ਼ ਵਿਚ ਹੋਰ ਦੋਸ਼ੀ ਵੀ ਨਾਮਜ਼ਦ ਹੋਏ ਹਨ, ਜਿਨ੍ਹਾ ਨੂੰ ਜਲਦੀ ਗਿ੍ਰਫ਼ਤਾਰ ਕਰ ਲਿਆ ਜਾਵੇਗਾ। ਦੋਸ਼ੀਆਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਬਾਕੀ ਰਹਿੰਦੀ ਤਫਤੀਸ਼ ਵੀ ਮੁਕੰਮਲ ਕੀਤੀ ਜਾਵੇਗੀ।