ਕਿਹਾ, ਜਨਤਾ ਸਾਰੀਆਂ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਤੋਂ ਆ ਗਈ ਹੈ ਤੰਗ
ਸਟਾਫ ਰਿਪੋਰਟਰ, ਬਾਹਰੀ ਦਿੱਲੀ : ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਗਰ ਨਿਗਮ ਦੀ ਜ਼ਿਮਨੀ ਚੋਣ ਅਤੇ ਪੰਜਾਬ ਚੋਣਾਂ 'ਚ ਆਪ ਦੀ ਜਿੱਤ ਨੂੰ ਲੈ ਕੇ ਪੂਰੀ ਤਰ੍ਹਾਂ ਭਰੋਸੇਮੰਦ ਹਨ। ਸੋਮਵਾਰ ਦੇਰ ਰਾਤ ਕੇਸ਼ਵਪੁਰਮ 'ਚ ਦਿੱਲੀ ਸਰਕਾਰ ਵਲੋਂ ਕਰਾਏ ਰੰਗਾਰੰਗ ਪ੍ਰੋਗਰਾਮ 'ਚ ਕੇਜਰੀਵਾਲ ਨੇ ਕਿਹਾ ਕਿ ਅਸੀਂ ਜੋ ਕਹਿੰਦੇ ਹਾਂ ਉਹ ਕਰਦੇ ਹਾਂ, ਪਰ ਮੋਦੀ ਜੀ ਜੋ ਕਹਿੰਦੇ ਹਨ, ਉਸ ਨੂੰ ਠੰਢੇ ਬਸਤੇ 'ਚ ਪਾ ਦਿੰਦੇ ਹਨ। ਉਨ੍ਹਾਂ ਲੋਕ ਸਭਾ ਚੋਣਾਂ ਦੌਰਾਨ ਜਿਹੜੇ ਵਾਅਦੇ ਕੀਤੇ, ਉਨ੍ਹਾਂ ਨੂੰ ਤਾਂ ਪੂਰਾ ਕਰ ਨਹੀਂ ਰਹੇ ਬਲਕਿ ਸਾਲ 2023 ਲਈ ਲੋਕਾਂ ਨਾਲ ਵਾਅਦੇ ਕਰਨ ਲੱਗੇ ਹਨ। ਜਨਤਾ ਸਭ ਸਮਝਦੀ ਹੈ, ਇਕ ਵਾਰੀ ਉਨ੍ਹਾਂ ਦੇ ਝਾਂਸੇ 'ਚ ਆ ਗਈ ਹੁਣ ਨਹੀਂ ਆਏਗੀ।
ਦਿੱਲੀ ਵਿਧਾਨ ਸਭਾ ਚੋਣਾਂ ਤੋਂ ਉਨ੍ਹਾਂ ਦੀ ਹਾਰ ਦਾ ਸਿਲਸਿਲਾ ਸ਼ੁਰੂ ਹੋਇਆ ਹੈ ਜਿਹੜਾ ਹਾਲੇ ਵੀ ਜਾਰੀ ਹੈ ਅਤੇ ਲੋਕ ਸਭਾ ਚੋਣਾਂ ਤਕ ਚੱਲੇਗਾ। ਦਿੱਲੀ ਦੇ ਲੋਕ ਆਪ ਨੂੰ ਨਿਗਮ ਦੀ ਜ਼ਿਮਨੀ ਚੋਣ ਤਾਂ ਜਿਤਾਉਣ ਹੀ ਜਾ ਰਹੇ ਹਨ, ਪੰਜਾਬ 'ਚ ਵੀ ਮਦਦ ਕਰਨ ਲਈ ਜਾ ਰਹੇ ਹਨ ਤਾਂ ਜੋ ਉੱਥੇ ਵੀ ਈਮਾਨਦਾਰ ਸਰਕਾਰ ਦਾ ਗਠਨ ਹੋ ਸਕੇ। ਸਾਰੀਆਂ ਸਿਆਸੀ ਪਾਰਟੀਆਂ ਦੀ ਕਾਰਗੁਜ਼ਾਰੀ ਤੋਂ ਤੰਗ ਆ ਗਏ ਪੰਜਾਬ ਦੇ ਲੋਕ ਉੱਥੇ ਆਪ ਦੀ ਸਰਕਾਰ ਬਣਾਉਣ ਜਾ ਰਹੇ ਹਨ। ਕੇਜਰੀਵਾਲ ਨੇ ਦਿੱਲੀ ਸਰਕਾਰ ਨੂੰ ਜਨਤਾ ਦੀ ਸਰਕਾਰ ਦੱਸਦੇ ਹੋਏ ਕਿਹਾ ਕਿ ਇਥੇ ਸਾਰੇ ਫ਼ੈਸਲੇ ਜਨਤਾ ਤੋਂ ਪੁੱਛ ਕੇ ਹੋ ਰਹੇ ਹਨ ਅਤੇ ਅੱਗੇ ਵੀ ਹੋਣਗੇ।