ਨਵੀਂ ਦਿੱਲੀ (ਪੀਟੀਆਈ) : ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸਰਬਸੰਮਤੀ ਨਾਲ ਮੁੜ ਕੌਮੀ ਕਨਵੀਨਰ ਨਿਯੁਕਤ ਕੀਤਾ ਹੈ। ਪਾਰਟੀ ਨੇ ਕੌਮੀ ਪੱਧਰ 'ਤੇ ਆਪਣੇ ਜਥੇਬੰਦਕ ਢਾਂਚੇ ਵਿਚ ਬਦਲਾਅ ਕਰਦਿਆਂ ਪਾਰਟੀ ਦੀ ਸਭ ਤੋਂ ਉੱਚੀ ਫੈਸਲਾ ਲੈਣ ਵਾਲੀ ਬਾਡੀ ਸਿਆਸੀ ਮਾਮਲੇ ਕਮੇਟੀ (ਪੀਏਸੀ) ਵਿਚ ਇਕ ਅੌਰਤ ਸਹਿਤ ਕਈ ਨਵੇਂ ਚਿਹਰੇ ਵੀ ਸ਼ਾਮਿਲ ਕੀਤੇ ਹਨ। ਪਾਰਟੀ ਦੇ ਬੁਲਾਰੇ ਪੰਕਜ ਵਾਜਪਾਈ ਨੇ ਦੱਸਿਆ ਕਿ ਬੀਤੇ ਸਾਲ ਯੋਗੇਂਦਰ ਯਾਦਵ ਤੇ ਪ੍ਰਸ਼ਾਂਤ ਭੂਸ਼ਣ ਨੂੰ ਪਾਰਟੀ ਵਿਚੋਂ ਕੱਢਣ ਮਗਰੋਂ ਪਾਰਟੀ ਨੇ ਪੀਏਸੀ ਵਿਚ 6 ਨਵੇਂ ਚਿਹਰੇ -ਆਸ਼ੂਤੋਸ਼, ਅਤਿਸ਼ੀ ਮਾਰੇਲੀਨਾ, ਦੁਰਗੇਸ਼ ਪਾਠਕ, ਰਾਘਵ ਚੱਢਾ, ਓਖਲਾ ਤੋਂ ਐਮਐਲਏ ਅਮਾਨਤੁੱਲਾ ਖਾਨ ਅਤੇ ਪੰਜਾਬ ਤੋਂ ਐਮਪੀ ਸਾਧੂ ਸਿੰਘ ਨੂੰ ਸ਼ਾਮਿਲ ਕੀਤਾ ਹੈ। ਪੀਏਸੀ ਵਿਚ ਕੇਜਰੀਵਾਲ ਤੋਂ ਇਲਾਵਾ ਮਨੀਸ਼ ਸਿਸੋਦੀਆ, ਗੋਪਾਲ ਰਾਏ, ਸੰਜੇ ਸਿੰਘ, ਕੁਮਾਰ ਵਿਸ਼ਵਾਸ ਅਤੇ ਪੰਕਜ ਗੁਪਤਾ ਨੂੰ ਕਾਇਮ ਰੱਖਿਆ ਗਿਆ ਹੈ। ਪੀਏਸੀ ਨੇ ਗੁਪਤਾ ਨੂੰ ਕੌਮੀ ਸਕੱਤਰ ਤੇ ਚੱਢਾ ਨੂੰ ਪਾਰਟੀ ਦਾ ਖਜ਼ਾਨਚੀ ਬਣਾਇਆ ਹੈ। ਆਪ ਦੇ ਸਾਰੇ ਪੀਏਸੀ ਮੈਂਬਰ ਕਾਰਜਕਾਰਨੀ ਮੈਂਬਰ ਵੀ ਹਨ। ਕੌਮੀ ਕੌਂਸਲ ਨੇ ਨਵੇਂ ਕੌਮੀ ਕਾਰਜਕਾਰੀ ਮੈਂਬਰ ਵੀ ਨਿਯੁਕਤ ਕੀਤੇ ਹਨ। ਮੁੜ ਸੰਗਿਠਤ ਕੀਤੀ 25 ਮੈਂਬਰੀ ਬਾਡੀ ਵਿਚ ਕਈ ਮੈਂਬਰ ਪੰਜਾਬ ਤੋਂ ਹਨ ਜਿੱਥੇ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਆਪ ਦੇ ਕੌਮੀ ਕਾਰਜਕਾਰੀ ਮੈਂਬਰਾਂ ਵਿਚ ਕੇਜਰੀਵਾਲ, ਸਿਸੋਦੀਆ, ਸੰਜੇ ਸਿੰਘ, ਆਏ, ਗੁਪਤਾ, ਆਸ਼ੂਤੋਸ਼ ਅਤੇ ਕੁਮਾਰ ਵਿਸ਼ਵਾਸ ਤਾਂ ਹਨ ਹੀ, ਨਵੇਂ ਮੈਂਬਰਾਂ ਵਿਚ ਯਾਮਿਨੀ ਗੋਮਰ, ਰਾਜਿੰਦਰ ਪਾਲ ਗੌਤਮ, ਪ੍ਰੀਤੀ ਸ਼ਰਮਾ ਮੈਨਨ, ਦੁਰਗੇਸ਼ ਪਾਠਕ, ਭਗਵੰਤ ਮਾਨ, ਕਾਨੂ ਭਾਈ ਕਾਲਾਸਰੀਆ, ਹਰਜੋਤ ਬੈਂਸ, ਬਲਜਿੰਦਰ ਕੌਰ, ਰਾਘਵ ਚੱਢਾ, ਆਸ਼ਿਸ਼ ਤਲਵਾੜ, ਮਾਰਲੀਨਾ, ਸਾਧੂ ਸਿੰਘ, ਦਿਨੇਸ਼ ਵਘੇਲਾ, ਮੀਰਾ ਸਾਨਿਆਲ, ਭਾਵਨਾ ਗੌੜ, ਰਾਖੀ ਬਿਰਲਾ, ਇਮਰਾਨ ਹੁਸੈਨ ਤੇ ਖਾਨ ਸ਼ਾਮਿਲ ਹਨ। ਆਪ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਬੀਤੇ ਸਾਲ 28 ਮਾਰਚ ਨੂੰ ਹੋਈ ਸੀ ਜਿਸ ਵਿਚ ਪ੍ਰਸ਼ਾਂਤ ਭੂਸ਼ਨ ਤੇ ਯੋਗੇਂਦਰ ਯਾਦਵ ਦੀ ਖਿੱਚਧੂਹ ਕੀਤੀ ਗਈ ਸੀ।
↧