ਨਵੀਂ ਦਿੱਲੀ (ਪੀਟੀਆਈ) : ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਇੰਡੀਅਨ ਨੈਸ਼ਨਲ ਲੋਕ ਦਲ ਦੇ ਆਗੂ ਅਜੇ ਚੌਟਾਲਾ ਦੀ ਪੈਰੋਲ ਮੰਗਣ ਵਾਲੀ ਪਟੀਸ਼ਨ ਖਾਰਿਜ ਕਰ ਦਿੱਤੀ। ਚੌਟਾਲਾ ਅਧਿਆਪਕ ਭਰਤੀ ਘਪਲਾ ਕੇਸ ਵਿਚ 10 ਸਾਲ ਦੀ ਕੈਦ ਕੱਟ ਰਿਹਾ ਹੈ ਤੇ ਉਸ ਨੇ ਸਿਹਤ ਨਾਸਾਜ਼ ਹੋਣ ਕਾਰਨ 12 ਹਫਤਿਆਂ ਦਾ ਪੈਰੋਲ ਮੰਗਿਆ ਸੀ। ਜਸਟਿਸ ਪ੍ਰਤਿਭਾ ਰਾਣੀ ਨੇ ਅਜੇ ਚੌਟਾਲਾ ਦੀ ਪਟੀਸ਼ਨ ਖਾਰਿਜ ਕਰ ਦਿੱਤੀ। ਅਜੇ ਚੌਟਾਲਾ ਤੇ ਉਸਦੇ ਪਿਤਾ ਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਓਮ ਪ੍ਰਕਾਸ਼ ਚੌਟਾਲਾ ਨੇ ਅਧਿਆਪਕ ਭਰਤੀ ਕੇਸ ਵਿਚ ਹਾਈ ਕੋਰਟ ਵੱਲੋਂ ਸੁਣਾਈ 10 ਸਾਲ ਦੀ ਸਜ਼ਾ ਰੱਦ ਕਰਵਾਉਣ ਲਈ ਸੁਪਰੀਮ ਕੋਰਟ ਦਾ ਬੂਹਾ ਖੜਕਾਇਆ ਸੀ ਪਰ ਬੀਤੇ ਸਾਲ 2 ਅਗਸਤ ਸਰਬਉੱਚ ਅਦਾਲਤ ਨੇ ਉਨ੍ਹਾਂ ਦੀ ਪਟੀਸ਼ਨ ਖਾਰਿਜ ਕਰਦਿਆਂ ਹਾਈ ਕੋਰਟ ਦਾ ਫੈਸਲਾ ਬਰਕਰਾਰ ਰੱਖਿਆ ਸੀ। ਵੈਸੇ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਉਹ ਸਿਹਤ ਦੇ ਆਧਾਰ 'ਤੇ ਪੈਰੋਲ ਆਦਿ ਹਾਈ ਕੋਰਟ ਵਿਚ ਅਪੀਲ ਕਰ ਸਕਦੇ ਹਨ। ਇਨ੍ਹਾਂ ਪਿਓ-ਪੱਤਰ ਤੇ 53 ਹੋਰਾਂ ਨੂੰ 16 ਜਨਵਰੀ, 2013 ਨੂੰ ਉਕਤ ਕੇਸ ਵਿਚ ਟ੫ਾਇਲ ਕੋਰਟ ਨੇ 10 ਸਾਲ ਕੈਦ ਦੀ ਸਜ਼ਾ ਸੁਣਾਈ ਸੀ।
↧