-ਰੋਹਿਤ ਨੇ ਲਗਾਇਆ ਸ਼ਾਨਦਾਰ ਅਰਧ ਸੈਂਕੜਾ
-ਨਾਈਟਰਾਈਡਰਜ਼ ਨੂੰ ਛੇ ਵਿਕਟਾਂ ਨਾਲ ਦਿੱਤੀ ਮਾਤ
ਮੁੰਬਈ (ਪੀਟੀਆਈ) : ਕਪਤਾਨ ਰੋਹਿਤ ਸ਼ਰਮਾ ਅਤੇ ਕੀਰੋਨ ਪੋਲਾਰਡ ਦੇ ਅਰਧ ਸੈਂਕੜਿਆਂ ਅਤੇ ਦੋਵਾਂ ਵਿਚਾਲੇ ਤੂਫ਼ਾਨੀ ਭਾਈਵਾਲੀ ਨਾਲ ਮੁੰਬਈ ਇੰਡੀਅਨਜ਼ ਨੇ ਆਈਪੀਐਲ-9 ਵਿਚ ਵੀਰਵਾਰ ਨੂੰ ਕੋਲਕਾਤਾ ਨਾਈਟਰਾਈਡਰਜ਼ (ਕੇਕੇਆਰ) ਨੂੰ ਛੇ ਵਿਕਟਾਂ ਨਾਲ ਕਰਾਰੀ ਮਾਤ ਦਿੱਤੀ। ਮੌਜੂਦਾ ਟੂਰਨਾਮੈਂਟ ਵਿਚ ਕੇਕੇਆਰ ਖ਼ਿਲਾਫ਼ ਮੁੰਬਈ ਦੀ ਇਹ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਈਡਨ ਗਾਰਡਨ ਵਿਚ 13 ਅਪ੍ਰੈਲ ਨੂੰ ਦੋਵਾਂ ਟੀਮਾਂ ਵਿਚਾਲੇ ਹੋਏ ਮੁਕਾਬਲੇ ਵਿਚ ਵੀ ਮੁੰਬਈ ਨੇ ਛੇ ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਮੁੰਬਈ ਨੇ ਇਸ ਤਰ੍ਹਾਂ ਵਾਨਖੇੜੇ ਸਟੇਡੀਅਮ 'ਤੇ ਮੌਜੂਦਾ ਸੈਸ਼ਨ ਵਿਚ ਆਪਣੀ ਮੁਹਿੰਮ ਦਾ ਅੰਤ ਜਿੱਤ ਨਾਲ ਕੀਤਾ। ਸੂਬੇ 'ਚ ਪਾਣੀ ਦੇ ਸੰਕਟ ਕਾਰਨ ਬੰਬੇ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਆਈਪੀਐਲ ਮੈਚਾਂ ਨੂੰ ਮਹਾਰਾਸ਼ਟਰ ਤੋਂ ਬਾਹਰ ਸ਼ਿਫਟ ਕੀਤਾ ਗਿਆ ਹੈ। ਕੇਕੇਆਰ ਵੱਲੋਂ ਦਿੱਤੇ 175 ਦੌੜਾਂ ਦੇ ਟੀਚੇ ਦੇ ਜਵਾਬ ਵਿਚ ਮੁੰਬਈ ਇੰਡੀਅਨਜ਼ ਨੇ ਰੋਹਿਤ (ਅਜੇਤੂ 68) ਅਤੇ ਪੋਲਾਰਡ (ਅਜੇਤੂ 51) ਵਿਚਾਲੇ ਪੰਜਵੀਂ ਵਿਕਟ ਲਈ ਪੰਜ ਓਵਰਾਂ ਵਿਚ 72 ਦੌੜਾਂ ਦੀ ਅਜੇਤੂ ਭਾਈਵਾਲੀ ਦੀ ਬਦੌਲਤ 18 ਓਵਰਾਂ ਵਿਚ ਚਾਰ ਵਿਕਟਾਂ 'ਤੇ 178 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਰੋਹਿਤ ਨੇ 49 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਅੱਠ ਚੌਕੇ ਅਤੇ ਦੋ ਛੱਕੇ ਲਾਏ ਜਦਕਿ ਪੋਲਾਰਡ ਦੀ ਸਿਰਫ਼ 17 ਗੇਂਦਾਂ ਦੀ ਪਾਰੀ ਵਿਚ ਛੇ ਛੱਕੇ ਅਤੇ ਦੋ ਚੌਕੇ ਸ਼ਾਮਲ ਰਹੇ।