ਕੁਲਵਿੰਦਰ ਸਿੰਘ, ਜਲੰਧਰ : ਮੇਰਾ ਸੁਭਾਅ ਹਾਸੇ-ਠੱਠੇ ਵਾਲਾ ਹੈ ਤੇ ਮੈਂ ਇਸ ਤਰ੍ਹਾਂ ਦੇ ਕਿਰਦਾਰਾਂ 'ਚ ਸਹਿਜ ਮਹਿਸੂਸ ਕਰਦਾ ਹਾਂ ਪਰ ਜੋਰਾਵਰ ਫਿਲਮ ਦੀ ਕਹਾਣੀ ਇਕ ਫ਼ੌਜੀ ਦੇ ਕਿਰਦਾਰ ਨੂੰ ਦਰਸਾਉਂਦੀ ਹੈ ਜਿਸ 'ਚ ਮੈਂ ਮੁੱਖ ਕਿਰਦਾਰ ਨਿਭਾਅ ਰਿਹਾ ਹਾਂ। ਇਸ ਤਰ੍ਹਾਂ ਦਾ ਸੰਜੀਦਾ ਕਿਰਦਾਰ ਨਿਭਾਉਣਾ ਮੇਰੇ ਲਈ ਬਹੁਤ ਚੈਲੰਜਿੰਗ ਰਿਹਾ ਤੇ ਇਸ ਦੌਰਾਨ ਮੈਂ ਕਾਫੀ ਨਵੇਂ ਅਨੁਭਵ ਕੀਤੇ।
ਇਸ ਗੱਲ ਦਾ ਪ੍ਰਗਟਾਵਾ ਐਕਟਰ ਤੇ ਗਾਇਕ ਹਨੀ ਸਿੰਘ ਨੇ ਪੱਤਰਕਾਰ ਵਾਰਤਾ ਦੌਰਾਨ ਕੀਤਾ। ਉਨ੍ਹਾਂ ਕਿਹਾ ਅੱਜ ਪੰਜਾਬੀ ਫਿਲਮਾਂ ਬੁਲੰਦੀਆਂ ਛੂਹ ਰਹੀਆਂ ਹਨ ਤੇ ਬਹੁਤ ਸਾਰੇ ਗਾਇਕ ਮੁੱਖ ਰੋਲ ਨਿਭਾਅ ਕੇ ਦਰਸ਼ਕਾਂ 'ਚ ਵਾਹੋ-ਵਾਹੀ ਖੱਟ ਰਹੇ ਹਨ। ਮੈਨੂੰ ਵੀ ਇਸ ਫੀਲਡ 'ਚ ਆਉਣ ਦਾ ਮੌਕਾ ਮਿਲਿਆ ਜੋ ਮੇਰੇ ਲਈ ਇਕ ਵੱਖਰਾ ਅਨੁਭਵ ਹੈ। ਪਰ ਮੈਂ ਫਿਲਮਾਂ ਨਾਲੋਂ ਸੰਗੀਤ ਦੇ ਖੇਤਰ 'ਚ ਵਧੇਰੇ ਸਹਿਜ ਮਹਿਸੂਸ ਕਰਦਾ ਹਾਂ। ਅਮਿਤਾਬ ਬੱਚਨ ਤੇ ਗੁਰਦਾਸ ਮਾਨ ਨੂੰ ਆਪਣਾ ਪਸੰਦੀਦਾ ਐਕਟਰ ਮੰਨਣ ਵਾਲੇ ਹਨੀ ਸਿੰਘ ਨੇ ਕਿਹਾ ਜੋਰਾਵਰ ਫਿਲਮ ਦਰਸ਼ਕਾਂ ਦੇ ਮਨੋਰੰਜਨ ਨੂੰ ਮੁੱਖ ਰੱਖ ਕੇ ਹੀ ਬਣਾਈ ਗਈ ਹੈ। ਇਹ ਇਕ ਐਕਸ਼ਨ ਭਰਪੂਰ ਫਿਲਮ ਹੈ ਤੇ ਇਸ ਫਿਲਮ ਵਿਚਲੇ ਸਾਰੇ ਐਕਸ਼ਨ ਮੈਂ ਖੁੱਦ ਨਿਭਾਏ ਹਨ। ਭਵਿੱਖ 'ਚ ਕੀ ਯੋਜਨਾਵਾਂ ਹਨ ਤਾਂ ਉਨ੍ਹਾਂ ਕਿਹਾ ਕਿ ਮੇਰੀ ਪਹਿਲ ਸੰਗੀਤ ਐਲਬਮ ਨੂੰ ਹੀ ਹੋਵੇਗੀ ਪਰ ਜਿਸ ਕਿਸੇ ਫਿਲਮ ਦੀ ਕਹਾਣੀ ਚੰਗੀ ਹੋਈ ਤਾਂ ਫਿਲਮ ਵੀ ਕਰਾਂਗਾ।
ਇਸ ਮੌਕੇ ਉਨ੍ਹਾਂ ਨਾਲ ਫਿਲਮ ਦੀ ਪ੍ਰੋਡਿਊਸਰ ਤੇ ਪੀਟੀਸੀ ਨੈਟਵਰਕ ਦੀ ਸੀਈਓ ਰਾਜੀ ਐਮ ਸ਼ਿੰਦੇ ਵੀ ਮੌਜੂਦ ਸਨ। ਸ਼ਿੰਦੇ ਨੂੰ ਇਸ ਖੇਤਰ 'ਚ ਵਧੀਆ ਕੰਮ ਦੇ ਬਦਲੇ ਦਾਦਾ ਸਾਹਿਬ ਫਾਲਕੇ ਐਵਾਰਡ ਵੀ ਮਿਲ ਚੁੱਕਾ ਹੈ।