ਰਾਸ਼ਟਰਪਤੀ ਨੇ ਵੰਡੇ ਰਾਸ਼ਟਰੀ ਫਿਲਮ ਪੁਰਸਕਾਰ
ਅਮਿਤਾਭ ਨੂੰ ਸਰਬੋਤਮ ਅਦਾਕਾਰ, ਕੰਗਨਾ ਨੂੰ ਸਰਬੋਤਮ ਅਦਾਕਾਰਾ ਦਾ ਪੁਰਸਕਾਰ
ਨਵੀਂ ਦਿੱਲੀ (ਪੀਟੀਆਈ) :
ਰਾਸ਼ਟਰਪਤੀ ਪ੍ਰਣਾਬ ਮੁਖਰਜੀ ਨੇ ਮੰਗਲਵਾਰ ਨੂੰ ਫਿਲਮਕਾਰ ਅਤੇ ਪ੍ਰਮੁੱਖ ਅਦਾਕਾਰ ਮਨੋਜ ਕੁਮਾਰ ਨੂੰ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ। ਰਾਸ਼ਟਰਪਤੀ ਨੇ 63ਵੇਂ ਰਾਸ਼ਟਰੀ ਫਿਲਮ ਪੁਰਸਕਾਰ ਵੀ ਵੰਡੇ। ਮੈਗਾਸਟਾਰ ਅਮਿਤਾਭ ਬੱਚਨ ਨੂੰ ਸਰਬੋਤਮ ਅਦਾਕਾਰ ਅਤੇ ਕੰਗਨਾ ਰਨੌਤ ਨੂੰ ਸਰਬੋਤਮ ਅਦਾਕਾਰਾ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ।
78 ਸਾਲਾ ਮਨੋਜ ਕੁਮਾਰ ਨੂੰ ਸਿਨੇਮਾ 'ਚ ਉਨ੍ਹਾਂ ਦੇ ਯੋਗਦਾਨ ਲਈ ਭਾਰਤੀ ਸਿਨੇਮਾ ਦੇ ਸਭ ਤੋਂ ਵੱਡੇ ਸਨਮਾਨ ਨਾਲ ਨਿਵਾਜਿਆ ਗਿਆ। ਇਹ ਪੁਰਸਕਾਰ ਹਾਸਲ ਕਰਨ ਵਾਲੇ ਉਹ 47ਵੇਂ ਵਿਅਕਤੀ ਹਨ। ਪੁਰਸਕਾਰ ਦੇ ਤੌਰ 'ਤੇ ਉਨ੍ਹਾਂ ਨੂੰ ਸੋਨੇ ਦਾ ਕਮਲ, 10 ਲੱਖ ਰੁਪਏ ਅਤੇ ਸ਼ਾਲ ਦਿੱਤੀ ਗਈ। ਅਮਿਤਾਭ ਬੱਚਨ ਨੂੰ 'ਪੀਕੂ' ਫਿਲਮ ਲਈ ਸਰਬੋਤਮ ਅਦਾਕਾਰ ਦੇ ਪੁਰਸਕਾਰ ਦੇ ਤੌਰ 'ਤੇ ਚਾਂਦੀ ਦਾ ਕਮਲ ਅਤੇ 50 ਹਜ਼ਾਰ ਰੁਪਏ ਦਿੱਤੇ ਗਏ। ਇਸ ਤੋਂ ਪਹਿਲਾਂ ਉਹ ਤਿੰਨ ਵਾਰੀ ਰਾਸ਼ਟਰੀ ਪੁਰਸਕਾਰ ਹਾਸਲ ਕਰ ਚੁੱਕੇ ਹਨ। ਕੰਗਨਾ ਨੂੰ ਫਿਲਮ 'ਤਨੂੰ ਵੈਡਸ ਮਨੂੰ ਰਿਟਰਨਸ' ਲਈ ਸਰਬੋਤਮ ਅਦਾਕਾਰਾ ਦਾ ਪੁਰਸਕਾਰ ਮਿਲਿਆ। ਉਨ੍ਹਾਂ ਨੂੰ ਵੀ ਪੁਰਸਕਾਰ ਦੇ ਤੌਰ 'ਤੇ ਚਾਂਦੀ ਦਾ ਕਮਲ ਅਤੇ 50 ਹਜ਼ਾਰ ਰੁਪਏ ਦਿੱਤੇ ਗਏ। ਰਾਸ਼ਟਰੀ ਪੁਰਸਕਾਰ ਦੀ ਇਹ ਉਨ੍ਹਾਂ ਦੀ ਤੀਜੀ ਟਰਾਫੀ ਹੈ। ਸਰਬੋਤਮ ਫਿਲਮ 'ਬਾਹੂਬਲੀ' ਲਈ ਐਸ ਐਸ ਰਾਜਾਮੌਲੀ ਅਤੇ ਨਿਰਮਾਤਾ ਸ਼ੋਬੂ ਯਾਰਲਾਗੱਡਾ ਅਤੇ ਪ੍ਰਸਾਦ ਦੇਵੀਨੇਨੀ ਨੂੰ ਸਨਮਾਨਿਤ ਕੀਤਾ ਗਿਆ। 'ਬਾਜੀਰਾਵ ਮਸਤਾਨੀ' ਲਈ ਸਰਬੋਤਮ ਡਾਇਰੈਕਟਰ ਦਾ ਪੁਰਸਕਾਰ ਸੰਜੇ ਲੀਲਾ ਭੰਸਾਲੀ ਨੂੰ ਦਿੱਤਾ ਗਿਆ। 'ਬਜਰੰਗੀ ਭਾਈਜਾਨ' ਨੂੰ ਸਰਬੋਤਮ ਲੋਕਪਿ੍ਰਆ ਫਿਲਮ ਦਾ ਪੁਰਸਕਾਰ ਦਿੱਤਾ ਗਿਆ।
ਪਰਿਵਾਰ ਦੇ ਨਾਲ ਆਏ ਅਮਿਤਾਭ
ਪੁਰਸਕਾਰ ਸਮਾਗਮ 'ਚ ਅਮਿਤਾਭ ਬੱਚਨ ਦੇ ਨਾਲ ਜਯਾ ਬੱਚਨ, ਅਭਿਸ਼ੇਕ ਬੱਚਨ, ਐਸ਼ਵਰਿਆ ਰਾਏ ਬੱਚਨ ਅਤੇ ਸ਼ਵੇਤਾ ਨੰਦਾ ਵੀ ਮੌਜੂਦ ਸਨ। ਕੰਗਨਾ ਰਨੌਤ ਦੇ ਨਾਲ ਵੀ ਉਨ੍ਹਾਂ ਦੀ ਮਾਤਾ, ਪਿਤਾ, ਭੈਣ ਅਤੇ ਭਰਾ ਆਏ ਸਨ।