ਜੇਐਨਐਨ, ਜਲੰਧਰ : ਬਰਲਟਨ ਪਾਰਕ 'ਚ ਪਾਸ ਸਪੋਰਟਸ ਹੱਬ ਨਿਰਮਾਣ ਲਈ ਇਕ ਵਾਰ ਫਿਰ ਮੇਅਰ ਸੁਨੀਲ ਜਿਓਤੀ ਨੇ ਨਵੇਂ ਸਿਰੇ ਤੋਂ ਕਸਰਤ ਸ਼ੁਰੂ ਕੀਤੀ ਹੈ। ਮੇਅਰ ਨੇ ਹੈਦਰਾਬਾਦ ਦੀ ਨਾਗਾਅਰਜੁਨਾ ਕੰਸਟ੍ਰਕਸ਼ਨ ਕੰਪਨੀ ਦੇ ਪ੍ਰਤੀਨਿਧੀਆਂ ਨਾਲ ਵੀਰਵਾਰ ਨੂੰ ਨਵੀਂ ਦਿੱਲੀ 'ਚ ਬੈਠਕ ਕੀਤੀ, ਜਿਸ 'ਚ ਕੰਪਨੀ ਸਾਲ 2012 'ਚ ਹੋਏ ਠੇਕੇ ਤਹਿਤ ਕੰਮ ਕਰਨ ਨੂੰ ਤਿਆਰ ਹੈ ਪਰ ਤਿੰਨ ਸਾਲ ਤੋਂ ਫਾਈਲਾਂ 'ਚ ਦਫਨ ਪਹਿਲੇ ਪੜਾਅ ਦੇ ਟੈਂਡਰ 'ਚ ਠੇਕਾ ਕੰਪਨੀ ਨੇ 15 ਫ਼ੀਸਦੀ ਵਾਧੇ ਦੀ ਮੰਗ ਰੱਖੀ ਹੈ। ਮਈ 2012 'ਚ ਸਪੋਰਟਸ ਹੱਬ ਦੇ ਪਹਿਲੇ ਪੜਾਅ 'ਚ ਿਯਕਟ ਸਟੇਡੀਅਮ, ਪ੍ਰੈਕਟਿਸ ਗਰਾਊਂਡ, ਕਲੱਬ, ਸਵੀਮਿੰਗ ਪੁਲੀ ਬਣਾਉਣ ਦਾ 156 ਕਰੋੜ 'ਚ ਠੇਕਾ ਹੋਇਆ ਸੀ। ਬਾਅਦ 'ਚ ਕੰਪਨੀ ਨੇ ਅੱਠ ਕਰੋੜ ਦੀ ਰਿਆਇਤ ਦਿੰਦੇ ਹੋਏ 148 ਕਰੋੜ 'ਚ ਪਹਿਲੇ ਪੜਾਅ ਦਾ ਨਿਰਮਾਣ ਕਾਰਜ ਕਰਨ ਦਾ ਕਰਾਰ ਕੀਤਾ ਸੀ, ਜੋ ਫੰਡ ਦੀ ਕਮੀ ਕਾਰਨ ਨਹੀਂ ਹੋ ਸਕਿਆ। ਇਸ ਹਾਲਾਤ 'ਚ ਹੁਣ ਪਹਿਲੇ ਪੜਾਅ ਦੇ ਕੰਮ ਦੀ ਲਾਗਤ ਕਰੀਬ 23 ਕਰੋੜ ਵੱਧ ਜਾਵੇਗੀ।
ਮੇਅਰ ਸੁਨੀਲ ਜਿਓਤੀ ਨੇ ਦੱਸਿਆ ਕਿ ਸਪੋਰਟਸ ਹੱਬ ਲਈ ਸਰਕਾਰ ਤੋਂ ਪਹਿਲੇ ਪੜਾਅ ਲਈ 40 ਕਰੋੜ ਦੀ ਮੰਗ ਕੀਤੀ ਗਈ ਹੈ। ਜੇਕਰ ਫੰਡ ਮਿਲਦਾ ਹੈ, ਤਾਂ ਠੇਕਾ ਕੰਪਨੀ ਪੁਰਾਣੇ ਠੇਕੇ ਦੇ ਆਧਾਰ 'ਤੇ ਕੰਮ ਕਰਨ ਨੂੰ ਤਿਆਰ ਹੈ। ਕਿਉਂਕਿ ਠੇਕੇ ਦੀ ਦਰ ਤਿੰਨ ਸਾਲ ਪੁਰਾਣੀ ਹੈ, ਇਸ ਲਈ ਲਾਗਤ 'ਚ ਕਰੀਬ 15 ਫ਼ੀਸਦੀ ਦਾ ਵਾਧਾ ਕਰਨਾ ਹੋਵੇਗਾ। ਬਾਕੀ ਫੰਡ ਦੇ ਇੰਤਜ਼ਾਮ ਦੀ ਬਾਬਤ ਮੇਅਰ ਦਾ ਕਹਿਣਾ ਹੈ ਕਿ ਪਹਿਲੇ ਪੜਾਅ ਦਾ ਨਿਰਮਾਣ ਸ਼ੁਰੂ ਹੋਣ 'ਤੇ ਪ੍ਰਾਜੈਕਟ ਦਾ ਰਾਖਵਾਂਕਰਨ ਤੇ ਵੈਲਿਊ ਵਧੇਗੀ, ਇਸ ਲਈ ਕਮਰਸ਼ੀਅਲ ਸਾਈਟ ਦੀ ਨਿਲਾਮੀ ਕਰਕੇ ਜਾਂ ਲੀਜ਼ 'ਤੇ ਦੇ ਕੇ ਵੀ ਫੰਡ ਦਾ ਇੰਤਜ਼ਾਮ ਕੀਤਾ ਜਾ ਸਕਦਾ ਹੈ। ਤਾਂ ਦੂਜੇ ਪਾਸੇ ਪਹਿਲਾਂ ਤੋਂ ਹੁਡਕੋ ਤੋਂ ਮਨਜ਼ੂਰ ਹੋਏ 120 ਕਰੋੜ ਦਾ ਕਰਜ਼ਾ ਲੈਣ ਦਾ ਬਦਲ ਵੀ ਮੌਜੂਦ ਹੈ। ਮੇਅਰ ਨੇ ਦੱਸਿਆ ਕਿ ਹੁਣ ਕੋਸ਼ਿਸ਼ ਸੂਬਾ ਸਰਕਾਰ ਤੋਂ 40 ਕਰੋੜ ਦੇ ਫੰਡ ਹਾਸਲ ਕਰਨ ਦੀ ਹੈ, ਜਿਸ ਲਈ ਪਹਿਲਾਂ ਹੀ ਸਰਕਾਰ ਵੱਲੋਂ ਮੰਗੀ ਗਈ ਸੂਚੀ 'ਚ ਇਸਨੂੰ ਸ਼ਾਮਲ ਕੀਤਾ ਜਾ ਚੁੱਕਾ ਹੈ। ਇਸ ਬਾਬਤ ਜਲਦੀ ਹੀ ਡਿਪਟੀ ਸੀਐਮ ਨਾਲ ਬੈਠਕ ਹੋਣ ਵਾਲੀ ਹੈ, ਜਿਸ ਤੋਂ ਬਾਅਦ ਫਿਰ ਤੋਂ ਠੇਕਾ ਕੰਪਨੀ ਨਾਲ ਤਾਲਮੇਲ ਕੀਤਾ ਜਾਵੇਗਾ।