ਜੇਐਨਐਨ, ਜਲੰਧਰ : ਬਗੈਰ ਐਨਓਸੀ ਰਜਿਸਟਰੀ ਕਰਨ ਦੇ ਮਾਮਲੇ 'ਚ ਪ੍ਰਸ਼ਾਸਨਿਕ ਅਧਿਕਾਰੀਆਂ 'ਚ ਦੁਵਿਧਾ ਵਰਗੀ ਸਥਿਤੀ ਬਣੀ ਹੋਈ ਹੈ। ਹਾਲਾਂਕਿ ਡੀਸੀ ਕਮਲ ਕਿਸ਼ੋਰ ਯਾਦਵ ਨੇ ਦਾਅਵਾ ਕੀਤਾ ਹੈ ਕਿ ਸੋਮਵਾਰ ਤਕ ਸਪੱਸ਼ਟੀਕਰਨ ਤੋਂ ਬਾਅਦ ਬਗੈਰ ਐਨਓਸੀ ਰਜਿਸਟ੫ੇਸ਼ਨ ਦਾ ਕੰਮ ਸ਼ੁਰੂ ਹੋਵੇਗਾ। ਮਾਲ ਮੰਤਰੀ ਬਿਕਰਮ ਸਿੰਘ ਮਜੀਠੀਆ ਵੱਲੋਂ ਦੋ ਦਿਨ ਪਹਿਲਾਂ ਮੀਡੀਆ 'ਚ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ, ਜਿਸ 'ਚ ਲੋਕਾਂ ਨੂੰ ਵੱਡੀ ਰਾਹਤ ਦੇਣ ਦੀ ਗੱਲ ਕਹੀ ਗਈ ਹੈ। ਇਸ ਇਸ਼ਤਿਹਾਰ 'ਚ ਕਿਹਾ ਗਿਆ ਹੈ ਕਿ ਲੋਕ ਹੁਣ ਬਗੈਰ ਐਨਓਸੀ ਆਪਣੀ ਪ੍ਰਾਪਰਟੀ ਦੀ ਰਜਿਸਟਰੀ ਕਰਵਾ ਸਕਦੇ ਹਨ। ਉਨ੍ਹਾਂ ਨੂੰ ਸਿਰਫ ਸੇਲ ਡੀਡ 'ਚ ਐਨਓਸੀ ਦਾ ਵੇਰਵਾ ਦੇਣਾ ਹੋਵੇਗਾ। ਇਸ 'ਚ ਲਿਖਣਾ ਹੋਵੇਗਾ ਕਿ ਐਨਓਸੀ ਲਈ ਅਪਲਾਈ ਕੀਤਾ ਹੈ ਜਾਂ ਨਹੀਂ। ਜੇਕਰ ਕੀਤਾ ਹੈ ਤਾਂ ਇਸਦਾ ਬਿਨੈ ਨੰਬਰ ਕੀ ਹੈ। ਸਬੰਧਿਤ ਪ੍ਰਾਪਰਟੀ ਨਿਗਮ ਦੀ ਹੱਦ 'ਚ ਆਉਂਦੀ ਹੈ ਜਾਂ ਪੁੱਡਾ ਦੀ। ਇਸ ਜਾਣਕਾਰੀ ਦੇ ਆਧਾਰ 'ਤੇ ਕੋਈ ਵੀ ਆਪਣੀ ਪ੍ਰਾਪਰਟੀ ਦੀ ਸੇਲ ਡੀਡ ਕਰਵਾ ਸਕਦਾ ਹੈ। ਹੁਣ ਕੰਫਿਊਜ਼ਨ ਇਸ ਗੱਲ ਸਬੰਧੀ ਪੈਦਾ ਹੋਈ ਹੈ ਕਿ ਜੇਕਰ ਕਿਸੇ ਨੇ ਐਨਓਸੀ ਲਈ ਅਰਜ਼ੀ ਹੀ ਨਹੀਂ ਕੀਤਾ ਤੇ ਉਹ ਇਹ ਗੱਲ ਰਜਿਸਟਰੀ 'ਚ ਲਿਖ ਵੀ ਦਿੰਦਾ ਹੈ ਤਾਂ ਕੀ ਉਸਦੀ ਰਜਿਸਟਰੀ ਦਰਜ ਕੀਤੀ ਜਾਵੇ ਜਾਂ ਨਹੀਂ। ਇਸ ਮੁੱਦੇ 'ਤੇ ਸਪੱਸ਼ਟੀਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਮਾਲ ਮਹਿਕਮੇ ਨੂੰ ਲਿਖਿਆ ਹੈ। ਡੀਸੀ ਨੇ ਕਿਹਾ ਕਿ ਇਕ-ਦੋ ਦਿਨ 'ਚ ਸਪੱਸ਼ਟੀਕਰਨ ਆ ਜਾਵੇਗਾ ਤੇ ਸੋਮਵਾਰ ਤੋਂ ਸੂਬਾ ਸਰਕਾਰ ਦੇ ਹੁਕਮ ਮੁਤਾਬਕ ਹੀ ਰਜਿਸਟਰੀ ਦਾ ਕੰਮ ਸ਼ੁਰੂ ਹੋਵੇਗਾ।
↧