-ਕਈ ਸਾਲਾਂ ਤੋਂ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਮੰਗ ਕੀਤੀ
ਲਖਬੀਰ, ਜਲੰਧਰ : ਲੰਮੇਂ ਸਮੇਂ ਤੋਂ ਠੇਕੇ/ਆਊਟਸੋਰਸ 'ਤੇ ਕੰਮ ਕਰ ਰਹੇ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੇ ਸਰਕਾਰ ਵੱਲੋਂ ਕੀਤੇ ਜਾ ਰਹੇ ਸ਼ੋਸ਼ਣ ਵਿਰੱੁਧ ਪਰਚੇ ਵੰਡੇ। ਇਸ ਦੌਰਾਨ ਠੇਕਾ ਮੁਲਾਜ਼ਮ ਸਾਂਝੀ ਐਕਸ਼ਨ ਕਮੇਟੀ, ਪੰਜਾਬ ਦੇ ਬੈਨਰ ਹੇਠ ਸ਼ਨਿਚਰਵਾਰ ਨੂੰ ਅਕਾਲੀ-ਭਾਜਪਾ ਸਰਕਾਰ ਦੀਆਂ ਨੌਜਵਾਨ ਮਾਰੂ ਨੀਤੀਆਂ ਖ਼ਿਲਾਫ ਆਮ ਲੋਕਾਂ 'ਚ ਪਰਚੇ ਵੰਡੇ ਗਏ। ਮੁਲਾਜ਼ਮਾਂ ਨੇ ਕਿਹਾ ਕਿ ਸਰਕਾਰ ਨੂੰ ਦਫ਼ਤਰਾਂ 'ਚ ਪਿਛਲੇ 20 ਸਾਲਾਂ ਤੋਂ ਠੇਕੇ/ਆੳਟੂਸੋਰਸ 'ਤੇ ਕੰਮ ਕਰਦੇ ਕਰਮਚਾਰੀ ਨਾ ਤਾਂ ਦਿਖ ਰਹੇ ਹਨ ਤੇ ਨਾ ਹੀ ਉਨ੍ਹਾਂ ਦੀ ਆਵਾਜ਼ ਸੁਣਾਈ ਦੇ ਰਹੀ ਹੈ ਅਤੇ ਨਾ ਹੀ ਸਰਕਾਰ ਇਨ੍ਹਾਂ ਕਰਮਚਾਰੀਆਂ ਲਈ ਕੁਝ ਬੋਲ ਰਹੀ ਹੈ, ਇਸ ਲਈ ਮੌਜੂਦਾ ਅਕਾਲੀ-ਭਾਜਪਾ ਸਰਕਾਰ ਗੂੰਗੀ, ਬੋਲ਼ੀ ਤੇ ਅੰਨ੍ਹੀ ਹੋ ਚੁੱਕੀ ਹੈ। ਸਰਕਾਰ ਵੱਲੋਂ ਕਰਮਚਾਰੀਆਂ ਨੂੰ ਬਹੁਤ ਹੀ ਘੱਟ ਤਨਖਾਹਾਂ ਦੇ ਕੇ ਆਪਣੇ ਦਫ਼ਤਰਾਂ ਦੇ ਸਾਰੇ ਕੰਮਕਾਜ ਪੂਰੇ ਕਰਵਾਏ ਜਾ ਰਹੇ ਹਨ ਪਰ ਕਦੇ ਵੀ ਇਨ੍ਹਾਂ ਕਰਮਚਾਰੀਆਂ ਦੇ ਭਵਿੱਖ ਬਾਰੇ ਕੋਈ ਫੈਸਲਾ ਨਹੀਂ ਲਿਆ ਗਿਆ।
ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਦੇ ਸਕੱਤਰ ਜਨਰਲ ਅਸ਼ੀਸ਼ ਜੁਲਾਹਾ ਨੇ ਕਿਹਾ ਕਿ ਸੂਬਾ ਸਰਕਾਰ ਦੀ ਪਾਲਿਸੀ ਮੁਤਾਬਕ ਤਿੰਨ ਸਾਲ ਕੰਮ ਕਰਨ ਵਾਲੇ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਣਾ ਬਣਦਾ ਹੈ ਤੇ ਸਰਕਾਰ ਵੱਲੋਂ ਪਿਛਲੇ ਸਮੇਂ ਦੌਰਾਨ ਠੇਕੇ 'ਤੇ ਤਿੰਨ ਸਾਲ ਕੰਮ ਕਰਨ ਵਾਲੇ 20 ਹਜ਼ਾਰ ਅਧਿਆਪਕਾਂ ਨੂੰ ਪੱਕਾ ਕਰ ਦਿੱਤਾ ਗਿਆ ਹੈ ਪਰ ਜਦ ਦਫ਼ਤਰੀ ਅਮਲੇ ਦੀ ਵਾਰੀ ਆਉਂਦੀ ਹੈ ਤਾਂ ਸਰਕਾਰ ਚੁੱਪ ਵੱਟ ਲੈਦੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਅਕਾਲੀ-ਭਾਜਪਾ ਨੇ ਵਜ਼ਾਰਤ 'ਚ ਆਉਣ ਤੋਂ ਪਹਿਲਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਵਾਅਦਾ ਕੀਤਾ ਸੀ ਪ੍ਰੰਤੂ 9 ਸਾਲ ਵਜ਼ਾਰਤ ਵਿਚ ਹੋਣ 'ਤੇ ਵੀ ਸਰਕਾਰ ਵੱਲੋਂ ਕੋਈ ਪਹਿਲਕਦਮੀ ਨਹੀਂ ਕੀਤੀ ਗਈ। ਸਰਕਾਰ ਲੱਖਾਂ ਨਵੀਆਂ ਨੌਕਰੀਆਂ ਦੇਣ ਦੇ ਐਲਾਨ ਕਰ ਰਹੀ ਹੈ ਪ੍ਰੰਤੂ ਲੰਮੇਂ ਸਮੇਂ ਤੋਂ ਕੰਮ ਕਰਦੇ ਮੁਲਾਜ਼ਮਾਂ ਨੂੰ ਰੈਗਲਰ ਕਰਨ ਲਈ ਕੋਈ ਉਪਰਾਲਾ ਨਹੀਂ ਕਰ ਰਹੀ, ਜੋ ਕਿ ਇਨ੍ਹਾਂ ਮੁਲਾਜ਼ਮਾਂ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਹੈ।
ਆਗੂਆਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਮੁੱਖ ਸਕੱਤਰ ਪੰਜਾਬ ਦੀ ਅਗਵਾਈ ਵਿਚ ਬਣਾਈ ਕਮੇਟੀ ਵੱਲੋਂ ਵੀ ਫਰਵਰੀ ਮਹੀਨੇ ਦੌਰਾਨ ਮੁਲਾਜ਼ਮਾਂ ਨਾਲ ਮੀਟਿੰਗਾਂ ਕੀਤੀਆਂ ਗਈਆਂ ਸਨ ਤੇ ਜਲਦ ਹੀ ਰੈਗੂਲਰ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ 3 ਮਹੀਨੇ ਬੀਤ ਜਾਣ 'ਤੇ ਵੀ ਮੁਲਾਜ਼ਮਾਂ ਨੂੰ ਕੋਈ ਆਸ ਦੀ ਕਿਰਨ ਨਜ਼ਰ ਨਹੀਂ ਆ ਰਹੀ। ਆਗੂਆਂ ਨੇ ਕਿਹਾ ਕਿ ਰੋਸ ਵਜੋਂ ਅੱਜ ਮੁਲਾਜ਼ਮਾਂ ਵੱਲੋਂ ਜ਼ਿਲ੍ਹਾ ਪੱਧਰ 'ਤੇ ਸਰਕਾਰ ਦੀਆਂ ਨੌਜਵਾਨ ਮਾਰੂ ਨੀਤੀਆਂ ਵਿਰੁੱਧ ਪਰਚਾ ਵੰਡਿਆ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਜਲਦ ਹੀ ਮੁਲਾਜ਼ਮਾਂ ਨੂੰ ਰੈਗੂਲਰ ਨਾ ਕੀਤਾ ਤਾਂ ਮੁਲਾਜ਼ਮ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ। ਇਸ ਮੌਕੇ ਗਗਨ ਸ਼ਰਮਾ, ਰਾਜੀਵ, ਰਾਜ ਕੁਮਾਰ, ਪੰਕਜ, ਨਵਰੋਸ, ਰਾਜੇਸ਼, ਗਗਨ ਸਿੰਘ, ਗੌਰਵ ਕੌਲ, ਜਸਪਾਲ ਸਿੰਘ, ਲਖਵਿੰਦਰ ਕੁਮਾਰ, ਨਰਿੰਦਰ ਲਾਲ, ਪ੍ਰਭਜਿੰਦਰ ਸਿੰਘ ਆਦਿ ਮੌਜੂਦ ਸਨ।