ਪੱਤਰ ਪ੍ਰੇਰਕ, ਜਲੰਧਰ : ਵਿਸ਼ਵ ਦਮਾ ਦਿਵਸ 'ਤੇ ਸੀ ਟੀ ਗਰੁੱਪ ਆਫ ਇੰਸਟੀਚਿਊਸ਼ਨ ਵੱਲੋਂ ਸ਼ਾਹਪੁਰ ਕੈਂਪਸ 'ਚ ਦਮੇ ਬਾਰੇ ਜਾਗਰੂਕਤਾ ਸੈਮੀਨਾਰ ਕਰਾਇਆ ਗਿਆ। ਜਿਸ ਵਿਚ ਸਿਵਲ ਹਸਪਤਾਲ ਦੇ ਛਾਤੀ ਰੋਗਾਂ ਦੇ ਮਾਹਰ ਡਾ. ਨਰੇਸ਼ ਭੱਠਲਾ ਨੇ ਦਮੇ ਬਾਰੇ ਜਾਣਕਾਰੀ ਦਿੱਤੀ। ਡਾ. ਨਰੇਸ਼ ਭੱਠਲਾ ਨੇ ਕਿਹਾ ਕਿ ਦਮਾ ਇੱਕ ਬਹੁਤ ਪੁਰਾਣੀ ਬਿਮਾਰੀ ਹੈ ਜੋ ਦਿਨੋਂ-ਦਿਨ ਵੱਧਦੀ ਹੀ ਜਾ ਰਹੀ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੇ ਅੰਕੜਿਆਂ ਅਨੁਸਾਰ 150 ਮਿਲੀਅਨ ਲੋਕ ਇਸ ਬਿਮਾਰੀ ਨਾਲ ਿਘਰੇ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਬਿਮਾਰੀ ਨੂੰ ਜੜ੍ਹੋਂ ਖਤਮ ਕਰਨ ਲਈ ਲੰਮੇਂ ਸਮੇਂ ਤਕ ਇਲਾਜ ਕਰਵਾਉਣ ਦੀ ਲੋੜ ਹੁੰਦੀ ਹੈ। ਕਈ ਮਰੀਜ਼ ਥੋੜ੍ਹਾ ਜਿਹਾ ਠੀਕ ਹੋਣ 'ਤੇ ਇਲਾਜ ਬੰਦ ਕਰਵਾ ਦਿੰਦੇ ਹਨ, ਜੋ ਬਹੁਤ ਖਤਰਨਾਕ ਸਿੱਧ ਹੋ ਸਕਦਾ ਹੈ। ਇਸ ਬਿਮਾਰੀ ਦੀ ਸ਼ਿਕਾਇਤ ਵਾਲੇ ਲੋਕਾਂ ਨੂੰ ਥੋੜ੍ਹੇ-ਥੋੜ੍ਹੇ ਸਮੇਂ ਤਕ ਇਸ ਬਿਮਾਰੀ ਦਾ ਮੁਆਇਨਾ ਕਰਵਾਉਂਦੇ ਰਹਿਣਾ ਚਾਹੀਦਾ ਹੈ। ਸਿਪਲਾ ਰੈਸਪੀਰੇਟਰੀ ਡਵੀਜ਼ਨ ਦੇ ਰਿਜਨਲ ਹੈੱਡ ਅਜੇ ਗੌਤਮ ਅਤੇ ਉਨ੍ਹਾਂ ਦੀ ਟੀਮ ਨੇ ਦਵਾਈ ਦੀ ਸਹੀ ਵਰਤੋਂ ਕਰਨ ਦਾ ਡੈਮੋ ਪੇਸ਼ ਕੀਤਾ ਅਤੇ ਫੇਫੜਿਆਂ ਦੀ ਕੰਮ ਕਰਨ ਦੀ ਪ੍ਰਕਿਰਿਆ ਬਾਰੇ ਜਾਣੂ ਕਰਵਾਇਆ। ਸੀ. ਟੀ ਗਰੁੱਪ ਦੇ ਡਾਇਰੈਕਟਰ ਕੈਂਪਸ ਡਾ. ਪੀਐੱਸ ਬੇਦੀ ਨੇ ਕਿਹਾ ਕਿ ਮਾਹਰਾਂ ਦਾ ਕਹਿਣਾ ਹੈ ਕਿ ਇਸ ਬਿਮਾਰੀ ਨੂੰ ਇਨਹੈਲੇਸ਼ਨ ਥੈਰੇਪੀ ਦੁਆਰਾ ਠੀਕ ਕੀਤਾ ਜਾ ਸਕਦਾ ਹੈ। ਲੋਕਾਂ ਨੂੰ ਇਸ ਬਿਮਾਰੀ ਬਾਰੇ ਜਾਗਰੂਕ ਕਰਨਾ ਅਤੇ ਇਸ ਦਾ ਠੀਕ ਸਮੇਂ 'ਤੇ ਇਲਾਜ ਕਰਵਾਉਣ ਬਾਰੇ ਦੱਸਣਾ ਸਾਡੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ। ਸਬਰ ਦੀ ਘਾਟ ਕਾਰਨ, ਜਦ ਮਰੀਜ਼ਾਂ ਨੂੰ ਇਸ ਬਿਮਾਰੀ ਦੇ ਲੱਛਣ ਦਿੱਸਣੇ ਬੰਦ ਹੋ ਜਾਂਦੇ ਹਨ ਤਾਂ ਉਹ ਫਟਾਫਟ ਇਸ ਦਾ ਇਲਾਜ ਕਰਵਾਉਣਾ ਛੱਡ ਦਿੰਦੇ ਹਨ ਜਿਸ ਦਾ ਨਤੀਜਾ ਉਨ੍ਹਾਂ ਨੂੰ ਬਾਅਦ ਵਿੱਚ ਭੁਗਤਣਾ ਪੈਂਦਾ ਹੈ। ਸੀ.ਟੀ ਗਰੁੱਪ ਆਫ ਇੰਸਟੀਚਿਊਸ਼ਨ ਦੇ ਚੇਅਰਮੈਨ ਚਰਨਜੀਤ ਸਿੰਘ ਚੰਨੀ ਨੇ ਸਿਵਲ ਹਸਪਤਾਲ, ਸਿਪਲਾ ਰੈਸਪੀਰੇਟਰੀ ਡਵੀਜ਼ਨ ਤੇ ਸੀ.ਟੀ.ਆਈ.ਪੀ.ਐੱਸ. ਦਾ ਇਹ ਸੈਮੀਨਾਰ ਕਰਨ 'ਤੇ ਧੰਨਵਾਦ ਕੀਤਾ। ਸੈਮੀਨਾਰ ਦੇ ਅੰਤ ਵਿੱਚ ਸੀ.ਟੀ.ਆਈ.ਪੀ.ਐੱਸ. ਦੇ ਪਿ੍ਰੰਸੀਪਲ ਡਾ. ਰਾਜੀਵ ਖਰਬ ਨੇ ਸੈਮੀਨਾਰ 'ਚ ਸ਼ਾਮਲ ਹੋਣ 'ਤੇ ਸਭ ਦਾ ਧੰਨਵਾਦ ਪ੍ਰਗਟਾਇਆ।
↧