ਪੱਤਰ ਪ੍ਰੇਰਕ, ਸੁਲਤਾਨਪੁਰ ਲੋਧੀ : ਕਾਂਗਰਸ ਪਾਰਟੀ ਆਪਣਾ ਭਵਿੱਖ ਗੁਆ ਚੁੱਕੀ ਹੈ ਅਤੇ ਸਾਰੇ ਦੇਸ਼ ਵਿਚ ਲੋਕ ਇਸ ਦੀਆਂ ਨਾਂਹ ਪੱਖੀ ਨੀਤੀਆਂ ਕਾਰਨ ਤਿਲਾਂਜਲੀ ਦੇ ਰਹੇ ਹਨ। ਇਹ ਵਿਚਾਰ ਨਰੋਤਮ ਦੇਵ ਰੱਤੀ ਚੇਅਰਮੈਨ ਪੰਜਾਬ ਵਪਾਰ ਬੋਰਡ ਨੇ ਪਿੰਡ ਸ਼ੇਰਪੁਰ ਦੋਨਾਂ ਵਿਖੇ ਕਾਂਗਰਸ ਛੱਡ ਕੇ ਆਉਣ ਵਾਲੇ 12 ਵੱਡੇ ਪਰਿਵਾਰਾਂ ਦਾ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋਣ ਮੌਕੇ ਰੱਖੇ ਗਏ ਸਨਮਾਨ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਕਾਡਰ ਅਧਾਰਤ ਪਾਰਟੀ ਹੈ, ਜਿਥੇ ਵਰਕਰਾਂ ਨੂੰ ਪੂਰਾ ਮਾਣ ਸਨਮਾਨ ਦਿੱਤਾ ਜਾਂਦਾ ਹੈ। ਉਨ੍ਹਾਂ ਪੰਜਾਬ ਅੰਦਰਲੇ ਖੇਤੀ ਸੰਕਟ ਦੀ ਚਰਚਾ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਨੀਤੀਆਂ ਬਣਾਉਂਦੇ ਸਮੇਂ ਕਿਸਾਨ ਨੂੰ ਹਮੇਸ਼ਾਂ ਅਣਗੌਲਿਆਂ ਕੀਤਾ ਹੈ, ਜਿਸ ਕਾਰਨ ਕਿਸਾਨ ਪਿੰਡ ਛੱਡ ਕੇ ਸ਼ਹਿਰਾਂ ਵੱਲ ਨੂੰ ਹਿਜ਼ਰਤ ਕਰਦਾ ਰਿਹਾ ਹੈ।
ਉਨ੍ਹਾਂ ਹੋਰ ਕਿਹਾ ਕਿ ਐਨਡੀਏ ਸਰਕਾਰ ਨੇ ਖੇਤੀ ਲਈ ਠੋਸ ਯੋਜਨਾਵਾਂ ਤਿਆਰ ਕੀਤੀਆਂ ਹਨ ਅਤੇ ਫਸਲ ਬੀਮਾ ਯੋਜਨਾ ਵੀ ਸ਼ੁਰੂ ਕੀਤੀ ਗਈ ਹੈ। ਇਸੇ ਤਰ੍ਹਾਂ ਸਮਾਜਿਕ ਭਲਾਈ ਦੀਆਂ ਯੋਜਨਾਵਾਂ ਦਾ ਘੇਰਾ ਵੀ ਵਿਸ਼ਾਲ ਕੀਤਾ ਗਿਆ ਹੈ। ਹਰ ਗ਼ਰੀਬ ਪਰਿਵਾਰ ਨੂੰ ਪੈਨਸ਼ਨ ਸਕੀਮਾਂ ਤੇ ਰੁਜ਼ਗਾਰ ਦੀਆਂ ਯੋਜਨਾਵਾਂ ਨਾਲ ਜੋੜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਬੈਂਕਿੰਗ ਖੇਤਰ ਨੂੰ ਵੀ ਸਮਾਜਿਕ ਯੋਜਨਾਵਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਸਰਗਰਮ ਕੀਤਾ ਜਾ ਰਿਹਾ ਹੈ।
ਕਾਂਗਰਸ ਪਾਰਟੀ 'ਤੇ ਤਿੱਖੇ ਹਮਲੇ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਪੰਜਾਬ ਦੋਖੀ ਤਾਕਤਾਂ ਦੀ ਮਦਦ ਨਾਲ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੂੰ ਅਸਥਿਰ ਕਰਨ ਲਈ ਬੇਅਦਬੀ ਵਰਗੀਆਂ ਘਟਨਾਵਾਂ ਕਰਵਾਈਆਂ ਗਈਆਂ ਹਨ, ਜੋ ਵੀ ਵਿਅਕਤੀ ਇਨ੍ਹਾਂ ਪਿੱਛੇ ਸ਼ਾਮਲ ਹਨ ਉਨ੍ਹਾਂ ਦਾ ਇਹ ਕਾਰਾ ਅਤਿ ਨਿੰਦਣਯੋਗ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਹੋਏ ਵਿਕਾਸ ਦੇ ਜ਼ੋਰ 'ਤੇ ਅਕਾਲੀ -ਭਾਜਪਾ ਗਠਜੋੜ 2017 ਦੀਆਂ ਚੋਣਾਂ 'ਚ ਸ਼ਾਨਦਾਰ ਜਿੱਤ ਦਰਜ ਕਰੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਵੰਤ ਪਾਲ ਸ਼ਰਮਾ, ਜੋਗਿੰਦਰ ਪਾਲ ਸ਼ਰਮਾ, ਸਤੀਸ਼ ਸ਼ਰਮਾ, ਨਰੇਸ਼ ਸ਼ਰਮਾ, ਵੰਦਨਾ ਰਾਣੀ, ਸ਼ਸ਼ੀ ਕਾਂਤਾ, ਦੀਪਕ ਸ਼ਰਮਾ, ਸੰਜੀਵ ਸ਼ਰਮਾ, ਵਿਜੇ ਸ਼ਰਮਾ, ਰਜਿੰਦਰ ਕੁਮਾਰ ਸ਼ਰਮਾ, ਗੌਰੀ ਸ਼ੰਕਰ ਆਦਿ ਨੂੰ ਸਨਮਾਨਿਤ ਕੀਤਾ ਗਿਆ। ਹੋਰਨਾਂ ਤੋਂ ਇਲਾਵਾ ਇਸ ਮੌਕੇ ਪਵਨ ਸੇਠੀ, ਚੇਤਨ ਸੂਰੀ, ਓਮ ਪ੍ਰਕਾਸ਼ ਡੋਗਰਾ, ਪ੍ਰੇਮ ਭਗਤ, ਦਿਲਬਾਗ ਸਿੰਘ ਗਿੱਲ, ਰਮੇਸ਼ ਧੀਰ, ਬਲਬੀਰ ਸਿੰਘ ਦੀਪੇਵਾਲ, ਜੋਗਾ ਸਿੰਗ, ਜੋਗਿੰਦਰ ਸਿੰਘ, ਕੇਵਲ ਤੁਲੀ ਵੀ ਹਾਜ਼ਰ ਸਨ।