-ਡਕਵਰਥ ਲੁਇਸ ਨਿਯਮ ਨਾਲ ਜਿੱਤੇ ਸੁਪਰਜਾਇੰਟਜ਼
-ਡਿੰਡਾ ਅਤੇ ਜ਼ਾਂਪਾ ਨੇ ਹਾਸਲ ਕੀਤੀਆਂ ਤਿੰਨ-ਤਿੰਨ ਵਿਕਟਾਂ
-ਰਹਾਣੇ ਨੇ ਖੇਡੀ ਅਜੇਤੂ 42 ਦੌੜਾਂ ਦੀ ਪਾਰੀ
ਜਾਗਰਣ ਨਿਊਜ਼ ਨੈੱਟਵਰਕ, ਨਵੀਂ ਦਿੱਲੀ : ਅਸ਼ੋਕ ਡਿੰਡਾ (20/3) ਅਤੇ ਐਡਮ ਜ਼ਾਂਪਾ (21/3) ਦੀ ਗੇਂਦਬਾਜ਼ੀ ਅਤੇ ਉਸ ਤੋਂ ਬਾਅਦ ਅਜਿੰਕੇ ਰਹਾਣੇ ਦੀਆਂ ਅਜੇਤੂ 42 ਦੌੜਾਂ ਦੀ ਪਾਰੀ ਦੀ ਬਦੌਲਤ ਰਾਈਜ਼ਿੰਗ ਪੁਣੇ ਸੁਪਰਜਾਇੰਟਜ਼ ਨੇ ਵਿਸ਼ਾਖਾਪਟਨਮ ਵਿਚ ਖੇਡੇ ਗਏ ਬਾਰਸ਼ ਨਾਲ ਪ੍ਰਭਾਵਿਤ ਆਈਪੀਐਲ-9 ਮੁਕਾਬਲੇ ਵਿਚ ਦਿੱਲੀ ਡੇਅਰਡੇਵਿਲਜ਼ ਨੂੰ ਡਕਵਰਥ-ਲੁਇਸ ਨਿਯਮ ਤਹਿਤ 19 ਦੌੜਾਂ ਨਾਲ ਦੇ ਦਿੱਤੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਦਿੱਲੀ ਨੇ ਨਿਰਧਾਰਤ 20 ਓਵਰਾਂ ਵਿਚ ਛੇ ਵਿਕਟਾਂ 'ਤੇ 121 ਦੌੜਾਂ ਦਾ ਸਕੋਰ ਬਣਾਇਆ। ਜਵਾਬ ਵਿਚ ਪੁਣੇ ਦੀ ਪਾਰੀ ਦੌਰਾਨ ਦੋ ਵਾਰ ਖੇਡ ਰੋਕਿਆ ਗਿਆ। ਦੂਜੀ ਵਾਰ ਜਦ ਖੇਡ ਰੋਕਿਆ ਤਾਂ ਪੁਣੇ ਦਾ ਸਕੋਰ 11 ਓਵਰਾਂ ਵਿਚ ਇਕ ਵਿਕਟ 'ਤੇ 76 ਦੌੜਾਂ ਸੀ। ਇਸ ਤੋਂ ਪਹਿਲਾਂ ਮਹਿੰਦਰ ਸਿੰਘ ਧੋਨੀ ਨੇ ਟਾਸ ਜਿੱਤ ਕੇ ਦਿੱਲੀ ਨੂੰ ਪਹਿਲਾਂ ਬੱਲੇਬਾਜ਼ੀ ਦਾ ਸੱਦਾ ਦਿੱਤਾ। ਡਿੰਡਾ ਨੇ ਪੰਜ ਓਵਰਾਂ ਤਕ 25 ਦੌੜਾਂ ਦੇ ਅੰਦਰ ਦੋਵਾਂ ਸਲਾਮੀ ਬੱਲੇਬਾਜ਼ਾਂ ਕਵਿੰਟਨ ਡਿਕਾਕ (02) ਅਤੇ ਸ਼੍ਰੇਅਸ ਅਈਅਰ (08) ਨੂੰ ਆਊਟ ਕਰ ਦਿੱਤਾ। ਉਸ ਤੋਂ ਬਾਅਦ ਜ਼ਾਂਪਾ ਨੇ ਸੰਜੂ ਸੈਮਸਨ, ਰਿਸ਼ਭ ਪੰਤ ਅਤੇ ਕਰੁਣ ਨਾਇਰ ਨੂੰ ਆਊਟ ਕਰ ਦਿੱਤਾ। ਦਿੱਲੀ ਦੀ ਅੱਧੀ ਟੀਮ 15ਵੇਂ ਓਵਰ ਵਿਚ 70 ਦੌੜਾਂ 'ਤੇ ਆਊਟ ਹੋ ਚੁੱਕੀ ਸੀ।