ਕੇਕੇ ਗਗਨ, ਜਲੰਧਰ : ਕਾਂਗਰਸੀ ਕੌਸਲਰਾਂ ਤੇ ਆਗੂਆਂ ਦਾ ਇਕ ਵਫ਼ਦ ਜਿਸ 'ਚ ਬਾਵਾ ਹੈਨਰੀ, ਰਜਿੰਦਰ ਬੇਰੀ, ਜਗਦੀਸ਼ ਰਾਜਾ, ਦੇਸਰਾਜ ਜੱਸਲ, ਪਵਨ ਕੁਮਾਰ, ਤਰਸੇਮ ਲੱਖੋਤਰਾ, ਪਰਮਜੀਤ ਸਿੰਘ ਪੰਮਾ, ਮਨੋਜ ਅਰੋੜਾ, ਨਿਰਮਲ ਜੀਤ ਨਿੰਮਾ, ਪਰਮਜੀਤ ਸਿੰਘ ਕਾਹਲੋਂ, ਰਣਦੀਪ ਸੂਰੀ ਤੇ ਅਜੇ ਬਿੰਦਰਾ ਸ਼ਾਮਲ ਸਨ, ਪੁਲਸ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਨੂੰ ਮਿਲਿਆ।
ਇਸ ਮੌਕੇ ਕਾਂਗਰਸੀ ਕੌਸਲਰਾਂ ਨੇ ਡੀਸੀ ਤੇ ਪੁਲਸ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਕੇ ਮੰਗ ਕੀਤੀ ਕਿ 19 ਮਈ ਨੂੰ ਨਗਰ ਨਿਗਮ ਮੇਅਰ ਤੇ ਕਮਿਸ਼ਨਰ ਵੱਲੋਂ ਸਥਾਨਕ ਹੋਟਲ 'ਚ ਸੱਦੀ ਗਈ ਮੀਟਿੰਗ 'ਚ ਜਿਹੜੇ ਪੁਲਸ ਮੁਲਾਜ਼ਮਾਂ ਨੇ ਕੌਂਸਲਰਾਂ ਨਾਲ ਮਾੜਾ ਵਤੀਰਾ ਕੀਤਾ ਹੈ ਉਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਕਾਂਗਰਸੀ ਵਫ਼ਦ ਨੇ ਨਗਰ ਨਿਗਮ ਕਮਿਸ਼ਨਰ ਵੱਲੋਂ ਮੀਟਿੰਗ 'ਚ ਕਹੇ ਸ਼ਬਦਾਂ ਕਿ 'ਚਲੋ ਅੱਗੇ ਜਿਨੇ ਘੁਟਾਲੇ ਹੋ ਚੁੱਕੇ ਹਨ ਇਕ ਹੋਰ ਸਹੀ' ਦੀ ਨਿਖੇਧੀ ਕਰਦੇ ਹੋਏ ਕਿਹਾ ਕਿ ਨਗਰ ਨਿਗਮ 'ਚ ਪਹਿਲਾਂ 14 ਕਰੋੜ ਦਾ ਪੈਚਵਰਕ ਘੁਟਾਲਾ ਤੇ ਫਿਰ ਸੜਕਾਂ ਦੀ ਉਸਾਰੀ ਦਾ 36 ਕਰੋੜ ਰੁਪਏ ਦਾ ਘੁਟਾਲਾ ਸਾਹਮਣੇ ਆਇਆ ਹੈ। ਇਸੇ ਤਰ੍ਹਾਂ ਹੁਣ ਸਫ਼ਾਈ ਮਸ਼ੀਨ ਨਾਲ ਕੀਤੀ ਜਾਣ ਵਾਲੇ 30 ਕਰੋੜ ਦਾ ਸਫ਼ਾਈ ਪ੍ਰਾਜੈਕਟ ਵੀ ਇਕ ਘੁਟਾਲਾ ਸਾਬਤ ਹੋਵੇਗਾ। ਨਿਗਮ ਅਧਿਕਾਰੀ ਕੋਈ ਤਸੱਲੀਬਖਸ਼ ਜਵਾਬ ਦੇਣ ਦੀ ਬਜਾਏ ਧੱਕਾ ਮੁੱਕੀ ਦੇ ਹਾਲਾਤ ਪੈਦਾ ਕਰ ਰਹੇ ਹਨ।