ਕੁਲਵਿੰਦਰ ਸਿੰਘ, ਜਲੰਧਰ : ਸੰਤ ਰਣਜੀਤ ਸਿੰਘ ਢਡਰੀਆਂ ਵਾਲਿਆਂ 'ਤੇ ਹੋਏ ਹਮਲੇ ਦੇ ਮਾਮਲੇ 'ਚ ਪੁਲਸ ਪ੍ਰਸ਼ਾਸਨ ਦੀ ਕਾਰਵਾਈ ਸਿਆਸਤ ਤੋਂ ਪ੍ਰੇਰਿਤ ਹੈ ਤੇ ਪ੍ਰਸ਼ਾਸਨ ਇਕ ਧਿਰ ਦਾ ਬਚਾਅ ਕਰਦੇ ਹੋਏ ਨਿਰਪੱਖ ਜਾਂਚ ਨਹੀ ਕਰ ਰਿਹਾ। ਇਹ ਵਿਚਾਰ ਦਲ ਖ਼ਾਲਸਾ ਦੇ ਨਵੇ ਨਿਯੁਕਤ ਪ੍ਰਧਾਨ ਹਰਪਾਲ ਸਿੰਘ ਚੀਮਾ ਨੇ ਪੱਤਰਕਾਰ ਵਾਰਤਾ ਦੌਰਾਨ ਪ੍ਰਗਟ ਕੀਤੇ। ਉਨ੍ਹਾਂ ਕਿਹਾ ਸੰਤ ਹਰਨਾਮ ਸਿੰਘ ਧੁੰਮਾ ਤੇ ਸੰਤ ਰਣਜੀਤ ਸਿੰਘ ਢਡਰੀਆਂ ਵਾਲਿਆਂ ਦੌਰਾਨ ਸ਼ੁਰੂ ਹੋਈ ਸ਼ਬਦੀ ਜੰਗ ਵਿਅਕਤੀਗਤ ਤੋਂ ਸ਼ੁਰੂ ਹੋ ਕੇ ਵਿਚਾਰਧਾਰਿਕ ਵਿਖਰੇਵੇਂ ਦਾ ਰੂਪ ਅਖਤਿਆਰ ਕਰ ਰਹੀ ਹੈ। ਸਮੁੱਚੀ ਸਿੱਖ ਕੌਮ ਦੋ ਹਿੱਸਿਆਂ 'ਚ ਵੰਡੀ ਜਾਣ ਦਾ ਖ਼ਤਰਾ ਬਣ ਗਿਆ ਹੈ। ਜੇਕਰ ਸੂਝਵਾਨ ਸ਼ਖਸੀਅਤਾਂ ਨੇ ਪਹਿਲਕਦਮੀ ਕਰ ਕੇ ਇਸ ਮਸਲੇ ਦਾ ਹੱਲ ਨਾ ਕੀਤਾ ਤਾਂ ਸਿੱਖ ਕੌਮ ਨੂੰ ਗੰਭੀਰ ਸਿੱਟੇ ਭੁਗਤਣੇ ਪੈਣਗੇ।
ਹਰਪਾਲ ਸਿੰਘ ਚੀਮਾ ਦਲ ਖ਼ਾਲਸਾ ਤੇ ਪੰਚ ਪ੍ਰਧਾਨੀ ਦੇ ਰਲੇਵੇਂ ਤੋਂ ਬਾਅਦ ਨਵੇਂ ਸੰਗਿਠਤ ਹੋਏ ਦਲ ਖ਼ਾਲਸਾ ਦੇ ਪ੍ਰਧਾਨ ਬਨਣ ਤੋਂ ਬਾਅਦ ਦਲ ਦੀ ਕਾਰਵਾਈਆਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਗੱਲਬਾਤ ਕਰਨ ਹਾਜ਼ਰ ਹੋਏ। ਉਨ੍ਹਾਂ ਦਸਿਆ ਭਾਰਤੀ ਫੌਜ ਦੇ ਦਰਬਾਰ ਸਾਹਿਬ ਤੇ ਕੀਤੇ ਗਏ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬਰੇਰੀ 'ਚੋਂ ਬਹੁਤ ਵਢਮੁਲਾ ਖਜ਼ਾਨਾ ਗਾਇਬ ਹੋ ਗਿਆ ਜਿਸ ਦੇ ਕੋਈ ਪਤਾ ਇਨੇ ਸਾਲਾਂ 'ਚ ਨਹੀ ਲਗ ਸਕਿਆ, ਜਿਸ ਦੀ ਫੌਜ ਤੇ ਸਰਕਾਰ 'ਚੋਂ ਕੋਈ ਵੀ ਜ਼ਿੰਮੇਵਾਰੀ ਨਹੀ ਲੈ ਰਿਹਾ। ਇਸ ਸਾਰੇ ਮਾਮਲੇ ਸਬੰਧੀ ਕੌਮਾਂਤਰੀ ਜਥੇਬੰਦੀ ਯੂਐਨਓ ਕੋਲੋਂ ਕਾਰਵਾਈ ਦੀ ਮੰਗ ਸਬੰਧੀ 6 ਜੂਨ ਨੂੰ ਦਲ ਖ਼ਾਲਸਾ ਵੱਲੋਂ ਅੰਮਿ੍ਰਤਸਰ ਬੰਦ ਦਾ ਸੱਦਾ ਦਿਤਾ ਗਿਆ ਹੈ। ਇਸ ਤੋਂ ਪਹਿਲਾਂ 3 ਜੂਨ ਸ਼ਾਮ ਅੰਮਿ੍ਰਤਸਰ ਵਿਖੇ ਘੱਲੂਘਾਰਾ ਯਾਦਗਾਰੀ ਮਾਰਚ ਕਿਢਆ ਜਾਵੇਗਾ।
ਇਸ ਮੌਕੇ ਕੰਵਰਪਾਲ ਸਿੰਘ, ਜਸਬੀਰ ਸਿੰਘ ਖਡੂਰ ਸਾਹਿਬ, ਰਣਧੀਰ ਸਿੰਘ, ਨੋਬਲਜੀਤ ਸਿੰਘ, ਪਰਮਜੀਤ ਸਿੰਘ ਟਾਂਡਾ, ਗੁਰਪ੍ਰੀਤ ਸਿੰਘ, ਮਨਜੀਤ ਸਿੰਘ, ਗੁਰਮੀਤ ਸਿੰਘ, ਹਰਜਿੰਦਰ ਸਿੰਘ, ਅਰਵਿੰਦਰ ਸਿੰਘ ਤੇ ਗਗਨਦੀਪ ਸਿੰਘ ਆਦਿ ਸ਼ਾਮਲ ਸਨ।