ਆਰਕੇ ਆਨੰਦ, ਜਲੰਧਰ : ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨਸ਼ਿਆਂ ਵਿਰੁੱਧ ਜਾਗਰੂਕਤਾ ਸਮਾਗਮ ਦੋਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ, ਜਲੰਧਰ ਵਿਖੇ ਅਥਾਰਟੀ ਦੇ ਚੇਅਰਮੈਨ ਤੇ ਜ਼ਿਲ੍ਹਾ ਸੈਸ਼ਨ ਜੱਜ ਰਾਜ ਸ਼ੇਖਰ ਅੱਤਰੀ ਦੀ ਪ੍ਰਧਾਨਗੀ ਹੇਠ ਕਰਵਾਇਆ ਗਿਆ। ਇਸ ਦੌਰਾਨ ਸਕੂਲ ਦੇ ਵਿਦਿਆਰਥੀਆਂ ਵੱਲੋਂ ਇਕ ਰੈਲੀ ਰਾਹੀਂ ਨਸ਼ਿਆਂ ਦੀ ਰੋਕਥਾਮ ਦਾ ਸੱਦਾ ਦਿੱਤਾ ਗਿਆ।
ਇਸ ਦੌਰਾਨ ਅੱਤਰੀ ਨੇ ਕਿਹਾ ਨਸ਼ਿਆਂ ਵਿਰੁੱਧ ਇਕ ਸਮਾਜਿਕ ਮੁਹਿੰਮ ਦੀ ਲੋੜ ਹੈ ਤੇ ਇਸ ਲਈ ਸਮਾਜ ਦੇ ਹਰ ਵਰਗ ਨੂੰ ਹੰਭਲਾ ਮਾਰਨ ਦੀ ਲੋੜ ਹੈ। ਉਨ੍ਹਾਂ ਕਿਹਾ ਸੂਬੇ 'ਚੋਂ ਨਸ਼ਿਆਂ ਨੂੰ ਜੜ੍ਹ ਤੋਂ ਪੁੱਟਣਾ ਸਾਡੀ ਸਭ ਦੀ ਸਾਂਝੀ ਜਿੰਮੇਵਾਰੀ ਹੈ। ਇਸ ਮੌਕੇ ਪੁਲਸ ਕਮਿਸ਼ਨਰ ਅਰਪਿਤ ਸ਼ੁਕਲਾ ਨੇ ਵਿਦਿਆਰਥੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਬੱਚੇ ਆਪਣੇ ਆਲੇ-ਦੁਆਲੇ ਕਿਸੇ ਵੀ ਤਰ੍ਹਾਂ ਦੇ ਨਸ਼ੇ ਦੀ ਵਿਕਰੀ ਰੋਕਣ ਲਈ ਪੰਜਾਬ ਪੁਲਸ ਨੂੰ 100 ਨੰਬਰ 'ਤੇ ਫੋਨ ਕਰਕੇ ਸੂਚਿਤ ਕਰ ਸਕਦੇ ਹਨ। ਬਾਰ ਐਸੋਸੀਏਸ਼ਨ ਜਲੰਧਰ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨੇ ਵੀ ਸੈਮੀਨਾਰ ਨੂੰ ਸੰਬੋਧਨ ਕੀਤਾ।
ਇਸ ਤੋਂ ਪਹਿਲਾਂ ਸ਼ੈਸ਼ਨ ਜੱਜ ਵਲੋਂ ਸਕੂਲ ਤੋਂ ਨਸ਼ਿਆਂ ਵਿਰੁੱਧ ਇਕ ਜਾਗਰੂਕਤਾ ਰੈਲੀ ਨੂੰ ਰਵਾਨਾ ਕੀਤਾ ਗਿਆ। ਸੈਮੀਨਾਰ ਦੌਰਾਨ ਗੁਰਮੀਤ ਟਿਵਾਣਾ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਜਲੰਧਰ ਨੇ ਦੱਸਿਆ ਅਥਾਰਟੀ ਵਲੋਂ ਜਿੱਥੇ ਲੋੜਵੰਦ ਲੋਕਾਂ ਨੂੰ ਮੁਫਤ ਕਾਨੂੰਨੀ ਸਹਾਇਤਾ ਦਿੱਤੀ ਜਾ ਰਹੀ ਹੈ ਉੱਥੇ ਹੀ ਲੋਕਾਂ ਨੂੰ ਨਸ਼ਿਆਂ ਦੀ ਲਾਹਨਤ ਵਿੁਰੱਧ ਜਾਗਰੂਕ ਵੀ ਕੀਤਾ ਜਾ ਰਿਹਾ ਹੈ। ਇਸ ਮੌਕੇ ਜੁਡੀਸ਼ੀਅਲ ਅਫਸਰ, ਬਾਰ ਐਸੋਸੀਏਸ਼ਨ ਦੇ ਮੈਂਬਰ, ਜ਼ਿਲ੍ਹਾ ਗਾਈਡੈਂਸ ਕਾਊਂਸਲਰ ਸੁਰਜੀਤ ਲਾਲ ਤੇ ਸਕੂਲੀ ਵਿਦਿਆਰਥੀ ਹਾਜ਼ਰ ਸਨ।