ਜਲੰਧਰ (ਜੇਐੱਨਐੱਨ) : ਗੁਰੂ ਨਾਨਕਪੁਰਾ 'ਚ ਬੀਤੇ ਦਿਨੀ ਖ਼ਾਲਸਾ ਕਾਲਜ ਦੇ ਵਿਦਿਆਰਥੀ ਮਨਪ੍ਰੀਤ ਦੇ ਕਤਲ ਦੇ ਬਾਅਦ ਇਲਾਕੇ 'ਚ ਫੈਲੀ ਦਹਿਸ਼ਤ ਨੂੰ ਖਤਮ ਕਰਨ ਲਈ ਕਮਿਸ਼ਨਰੇਟ ਪੁਲਸ ਨੇ ਖੌਫ਼ ਦਾ ਸਹਾਰਾ ਲਿਆ ਹੈ। ਮਨਪ੍ਰੀਤ ਦਾ ਸ਼ਰੇਆਮ ਕਤਲ ਹੋ ਗਿਆ, ਉਸ ਦੀ ਮੌਤ 'ਤੇ ਸਿਆਸੀ ਖੇਡ ਸ਼ੁਰੂ ਹੋ ਗਈ ਤੇ ਮੁਲਜ਼ਮ ਹਾਲੇ ਤਕ ਪੁਲਸ ਹੱਥ ਨਹੀਂ ਆਏ। ਅਜਿਹੇ 'ਚ ਇਲਾਕਾਵਾਸੀਆਂ ਦੇ ਮਨ ਤੋਂ ਡਰ ਕੱਢਣ ਲਈ ਪੁਲਸ ਫਲੈਗ ਮਾਰਚ ਕੱਢ ਰਹੀ ਹੈ। ਸੋਮਵਾਰ ਥਾਣਾ ਰਾਮਾਮੰਡੀ ਦੀ ਪੁਲਸ ਨੇ ਪੈਰਾਮਿਲਟਰੀ ਫੋਰਸ ਨਾਲ ਫਲੈਗ ਮਾਰਚ ਕੱਿਢਆ ਤੇ ਇਸ ਦੌਰਾਨ ਜਿਸ ਤਰ੍ਹਾਂ ਤਲਾਸ਼ੀ ਮੁਹਿੰਮ ਚੱਲੀ ਉਸ ਨਾਲ ਹੋਰ ਲੋਕ ਵੀ ਦਹਿਸ਼ਤ 'ਚ ਆ ਗਏ। ਏਐੱਸਆਈ ਅਜਮੇਰ ਸਿੰਘ ਦੀ ਅਗਵਾਈ ਹੇਠ ਚਲਾਈ ਗਈ ਇਸ ਮੁਹਿੰਮ 'ਚ ਲਗਪਗ ਇਕ ਘੰਟੇ ਤਕ ਰਾਹਗੀਰਾਂ ਨੂੰ ਰੋਕ ਕੇ ਉਨ੍ਹਾਂ ਦੀ ਟੋਪੀ ਤੋਂ ਲੈ ਕੇ ਜੁਰਾਬਾਂ ਤਕ ਉਤਰਵਾ ਦਿੱਤੀਆਂ ਗਈਆਂ। ਇਥੋਂ ਤਕ ਕਿ ਕਾਲਰ ਤੇ ਜੇਬਾਂ ਤਕ ਦੀ ਜਾਂਚ ਕੀਤੀ ਗਈ। ਜੇਕਰ ਕਿਸੇ ਨੇ ਪੈਂਟ ਫੋਲਡ ਕੀਤੀ ਹੋਈ ਸੀ ਤਾਂ ਉਸ ਨੂੰ ਵੀ ਖੁੱਲ੍ਹਵਾ ਕੇ ਚੈੱਕ ਕੀਤਾ ਗਿਆ। ਵਾਹਨਾਂ ਦੀ ਚੈਕਿੰਗ ਲਈ ਸੀਟ ਤਕ ਉਤਰਵਾਈ ਗਈ। ਲੋਕ ਇਹ ਸੋਚਣ ਲੱਗੇ ਕਿ ਪੁਲਸ ਗੈਂਗਸਟਰਾਂ ਦੀ ਭਾਲ ਕਰ ਰਹੀ ਹੈ ਜਾਂ ਆਮ ਲੋਕਾਂ ਦੀ ਤਲਾਸ਼ੀ ਲੈ ਕੇ ਖਾਨਾਪੁਰਤੀ ਕਰ ਰਹੀ ਹੈ। ਲੋਕਾਂ ਦਾ ਕਹਿਣਾ ਹੈ ਕਿ ਪੁਲਸ ਨੂੰ ਚਾਹੀਦਾ ਹੈ ਕਿ ਲੋਕਾਂ ਨੂੰ ਬਾਹਰ ਨਿਕਲਣ ਲਈ ਪ੍ਰੇਰਤ ਕਰੇ। ਪਰ ਜਿਸ ਤਰ੍ਹਾਂ ਪੁਲਸ ਨੇ ਤਲਾਸ਼ੀ ਮੁਹਿੰਮ ਚਲਾਈ ਉਸ ਨਾਲ ਲੋਕ ਹੋਰ ਦਹਿਸ਼ਤ 'ਚ ਆ ਗਏ।
-- ਰੋ ਪਈ ਛੋਟੀ ਬੱਚੀ
ਪੁਲਸ ਨੇ ਤਲਾਸ਼ੀ ਮੁਹਿੰਮ ਦੌਰਾਨ ਵਾਹਨਾਂ ਦੀ ਚੈਕਿੰਗ ਕੀਤੀ। ਇਸ ਦੌਰਾਨ ਜਿਹੜੇ ਵਾਹਨਾਂ ਦੇ ਦਸਤਾਵੇਜ਼ ਨਹੀਂ ਸਨ ਉਨ੍ਹਾਂ ਨੂੰ ਜਬਤ ਕਰ ਲਿਆ ਗਿਆ। ਇਸ ਦੌਰਾਨ ਇਕ ਨੌਜਵਾਨ ਨੂੰ ਰੋਕਿਆ ਪਹਿਲਾਂ ਤਾਂ ਪੁਲਸ ਨੇ ਉਸ ਦੀ ਸਿਰ ਤੋਂ ਪੈਰ ਤਕ ਤਲਾਸ਼ੀ ਲਈ। ਬਾਅਦ 'ਚ ਉਸ ਦੇ ਮੋਟਰਸਾਈਕਲ ਦੇ ਦਸਤਾਵੇਜ਼ ਮੰਗੇ ਤਾਂ ਉਸ ਨੇ ਕਿਹਾ ਮੋਟਰਸਾਈਕਲ ਉਸ ਦੇ ਦੋਸਤ ਦਾ ਹੈ। ਅਜਿਹੇ 'ਚ ਪੁਲਸ ਮੁਲਾਜ਼ਮ ਉਸ ਦਾ ਮੋਟਰਸਾਈਕਲ ਲੈ ਜਾਣ ਲੱਗੇ ਤਾਂ ਇਸ ਦੌਰਾਨ ਉਥੇ ਖੜ੍ਹੀ ਇਕ ਛੋਟੀ ਬੱਚੀ ਜਿਸ ਨੇ ਸਕੂਲ ਦੀ ਵਰਦੀ ਪਹਿਨੀ ਹੋਈ ਸੀ, ਰੋਣ ਲੱਗ ਪਈ ਤੇ ਕਹਿਣ ਲੱਗੀ 'ਭਾਜੀ ਦਾ ਮੋਟਰਸਾਈਕਲ ਪੁਲਸ ਲੈ ਚੱਲੀ।' ਪੁੱਛਣ 'ਤੇ ਪਤਾ ਲੱਗਾ ਕਿ ਜਿਸ ਦਾ ਮੋਟਰਸਾਈਕਲ ਪੁਲਸ ਲੈ ਜਾ ਰਹੀ ਸੀ, ਬੱਚੀ ਉਸ ਦੀ ਭੈਣ ਸੀ। ਭਰਾ ਦੀ ਤਲਾਸ਼ੀ ਹੁੰਦੇ ਤੇ ਮੋਟਰਸਾਈਕਲ ਲੈ ਜਾਣ 'ਤੇ ਉਹ ਰੋਣ ਲੱਗ ਪਈ।
- ਰਾਜੂ ਦੇ ਨਾਲ ਕਰਣ ਦੇ ਰਿਸ਼ਤੇਦਾਰਾਂ ਦੀ ਕਾਲ ਡਿਟੇਲ ਕੱਢਵਾਈ
ਪੁਲਸ ਨੇ ਮਨਪ੍ਰੀਤ ਕਤਲ ਕਾਂਡ 'ਚ ਸ਼ਾਮਲ ਰਾਜੂ ਦੇ ਸਾਥੀ ਕਰਣ ਦੀ ਮਾਂ ਤੇ ਹੋਰ ਰਿਸ਼ਤੇਦਾਰਾਂ ਦੀ ਕਾਲ ਡਿਟੇਲ ਕੱਢਵਾਈ ਹੈ। ਪੁਲਸ ਨੂੰ ਸ਼ੱਕ ਹੈ ਕਿ ਕਰਣ ਦੀ ਆਪਣੀ ਮਾਂ ਤੇ ਹੋਰ ਰਿਸ਼ਤੇਦਾਰਾਂ ਨਾਲ ਗੱਲ ਹੋਈ ਹੈ। ਇਸ ਦੇ ਇਲਾਵਾ ਪੁਲਸ ਨੇ ਗੁਰੂ ਨਾਨਕਪੁਰਾ ਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ 'ਚ ਰਹਿਣ ਵਾਲੇ ਲਗਪਗ 800 ਨੌਜਵਾਨਾਂ ਦੇ ਮੋਬਾਈਲ ਵੀ ਟਰੇਸ ਕਰਵਾਏ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਖ਼ਾਲਸਾ ਕਾਲਜ ਦੇ ਹਨ ਤੇ ਪ੍ਰਧਾਨਗੀ ਦੇ ਚੱਕਰ ਨਾਲ ਜੁੜੇ ਹੋਏ ਹਨ।
- ਚੰਡੀਗੜ੍ਹ ਤੋਂ ਫੜ੍ਹੇ ਗਏ ਨੌਜਵਾਨਾਂ ਤੋਂ ਪੁੱਛਗਿੱਛ ਜਾਰੀ
ਕਮਿਸ਼ਨਰੇਟ ਪੁਲਸ ਨੇ ਚੰਡੀਗੜ੍ਹ ਤੋਂ ਚੁੱਕੇ ਗਏ ਤਿੰਨ ਨੌਜਵਾਨਾਂ ਤੋਂ ਸੋਮਵਾਰ ਵੀ ਪੁੱਛਗਿੱਛ ਜਾਰੀ ਰੱਖੀ। ਹਾਲਾਂਕਿ ਪੁਲਸ ਨੇ ਸੋਮਵਾਰ ਨੂੰ ਵੀ ਅਧਿਕਾਰਕ ਤੌਰ 'ਤੇ ਕਿਸੇ ਨੂੰ ਫੜ੍ਹਣ ਦਾ ਖੁਲਾਸਾ ਨਹੀਂ ਕੀਤਾ। ਪਰ ਇਨ੍ਹਾਂ ਕਹਿਣਾ ਸੀ ਕਿ ਸ਼ੱਕੀ ਲੋਕਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।