- ਦੂਤਘਰਾਂ ਦੀ ਸੁਰੱਖਿਆ 'ਚ ਸਨ ਤਾਇਨਾਤ
- ਤਾਲਿਬਾਨ ਨੇ ਲਈ ਘਟਨਾ ਦੀ ਜ਼ਿੰਮੇਵਾਰੀ
- ਦੋ ਹੋਰ ਅੱਤਵਾਦੀ ਹਮਲਿਆਂ 'ਚ 11 ਮਰੇ
ਕਾਬੁਲ (ਏਐੱਫਪੀ) : ਅਫ਼ਗਾਨਿਸਤਾਨ 'ਚ ਸੋਮਵਾਰ ਨੂੰ ਹੋਏ ਤਿੰਨ ਅੱਤਵਾਦੀ ਹਮਲਿਆਂ 'ਚ 25 ਲੋਕ ਮਾਰੇ ਗਏ ਤੇ 44 ਜ਼ਖਮੀ ਹੋਏ। ਸਵੇਰੇ ਛੇ ਵਜੇ ਹੋਏ ਤਾਲਿਬਾਨ ਦੇ ਆਤਮਘਾਤੀ ਹਮਲੇ 'ਚ ਮਿੰਨੀ ਬੱਸ ਵਿਚ ਸਵਾਰ 14 ਨੇਪਾਲੀ ਸੁਰੱਖਿਆ ਮੁਲਾਜ਼ਮ ਮਾਰੇ ਗਏ ਅਤੇ ਨੌ ਜ਼ਖਮੀ ਹੋਏ ਹਨ। ਇਕ ਹੋਰ ਘਟਨਾ 'ਚ ਬਾਦਾਖਸ਼ਾਂ ਸੂਬੇ ਦੇ ਕੇਸ਼ਿਮ ਸ਼ਹਿਰ ਦੇ ਭੀੜ ਭਰੇ ਬਾਜ਼ਾਰ 'ਚ ਮੋਟਰਸਾਈਕਲ ਧਮਾਕੇ 'ਚ ਦਸ ਲੋਕ ਮਾਰੇ ਗਏ ਤੇ 30 ਜ਼ਖਮੀ ਹੋ ਗਏ। ਕਾਬੁਲ ਦੇ ਦੱਖਣੀ ਇਲਾਕੇ ਵਿਚ ਇਕ ਹੋਰ ਘਟਨਾ ਵਿਚ ਸਥਾਨਕ ਸਿਆਸਤਦਾਨ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਧਮਾਕੇ ਵਿਚ ਇਕ ਵਿਅਕਤੀ ਮਾਰਿਆ ਗਿਆ ਅਤੇ ਪੰਜ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਸਿਆਸਤਦਾਨ ਵੀ ਸ਼ਾਮਲ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਨ੍ਹਾਂ ਹਮਲਿਆਂ ਦੀ ਸਖ਼ਤ ਲਫ਼ਜ਼ਾਂ 'ਚ ਨਿੰਦਾ ਕੀਤੀ ਹੈ ਅਤੇ ਅਫ਼ਗਾਨਿਸਤਾਨ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ।
ਮਾਰੇ ਗਏ ਨੇਪਾਲੀ ਇਕ ਸੁਰੱਖਿਆ ਕੰਪਨੀ ਦੇ ਕਰਮਚਾਰੀ ਸਨ ਅਤੇ ਉਹ ਕਾਬੁਲ ਸਥਿਤ ਕੈਨੇਡਾ ਦੇ ਦੂਤਘਰ ਦੇ ਸੁਰੱਖਿਆ ਪ੍ਰਬੰਧਾਂ ਨਾਲ ਜੁੜੇ ਹੋਏ ਸਨ। ਪੁਲਸ ਮੁਤਾਬਕ ਆਤਮਘਾਤੀ ਹਮਲਾਵਰ ਪੈਦਲ ਚੱਲ ਕੇ ਬੱਸ ਨੇੜੇ ਆਇਆ ਤੇ ਉਸ ਨੇ ਕੰਧ ਨਾਲ ਲੱਗ ਕੇ ਜ਼ਬਰਦਸਤ ਧਮਾਕਾ ਕਰਕੇ ਖ਼ੁਦ ਨੂੰ ਉਡਾ ਲਿਆ। ਘਟਨਾ 'ਚ 9 ਲੋਕ ਜ਼ਖ਼ਮੀ ਵੀ ਹੋਏ ਹਨ ਜਿਨ੍ਹਾਂ 'ਚ ਪੰਜ ਨੇਪਾਲੀ ਤੇ ਚਾਰ ਅਫ਼ਗਾਨੀ ਹਨ। ਧਮਾਕਾ ਇੰਨਾ ਭਿਆਨਕ ਸੀ ਕਾਬੁਲ 'ਚ ਉਸ ਦੀ ਆਵਾਜ਼ ਕਈ ਕਿਲੋਮੀਟਰ ਦੂਰ ਤਕ ਸੁਣੀ ਗਈ। ਧੂੰਏਂ ਦਾ ਗੁਬਾਰ 30-40 ਫੁੱਟ ਦੀ ਉੱਚਾਈ ਤਕ ਦੇਖਿਆ ਗਿਆ। ਬੱਸ ਦੇ ਪਰਖੱਚੇ ਉੱਡ ਗਏ। ਲਾਸ਼ਾਂ ਟੁਕੜਿਆਂ 'ਚ ਤਬਦੀਲ ਹੋ ਕੇ ਖਿੱਲਰ ਗਈਆਂ। ਨੇੜਲੀਆਂ ਦੁਕਾਨਾਂ ਤੇ ਮਕਾਨਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਹੋਰ ਸਜਾਵਟੀ ਵਸਤਾਂ ਨੂੰ ਨੁਕਸਾਨ ਪਹੁੰਚਿਆ। ਜਿਸ ਇਲਾਕੇ 'ਚ ਧਮਾਕਾ ਹੋਇਆ, ਕਈ ਮਹੱਤਵਪੂਰਨ ਇਮਾਰਤਾਂ ਉੱਥੇ ਸਥਿਤ ਹਨ। ਪੁਲਸ ਨੇ ਰਸਤੇ ਨੂੰ ਬੰਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਤਾਲਿਬਾਨ ਦੇ ਬੁਲਾਰੇ ਜ਼ਬੀਹਉੱਲਾ ਮੁਜਾਹਿਦ ਨੇ ਹਮਲੇ ਦੀ ਜ਼ਿੰਮੇਵਾਰੀ ਲੈਣ ਦਾ ਐਲਾਨ ਕੀਤਾ। ਉਸ ਨੇ ਕਿਹਾ ਕਿ ਇਹ ਵਿਦੇਸ਼ੀ ਦਸਤਿਆਂ ਦੇ ਹਮਲੇ ਦਾ ਜਵਾਬ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਹਾਲੀਆ ਅਫ਼ਗਾਨਿਸਤਾਨ 'ਚ ਆਪਣੀਆਂ ਫ਼ੌਜਾਂ ਦੀ ਤਾਇਨਾਤੀ ਨੂੰ ਵਧਾਉਣ ਦਾ ਐਲਾਨ ਕੀਤਾ ਹੈ। ਤਾਲਿਬਾਨ ਨੇ ਹਮਲੇ ਲਈ ਪਵਿੱਤਰ ਰਮਜ਼ਾਨ ਦੇ ਮਹੀਨੇ ਦਾ ਵੀ ਲਿਹਾਜ਼ ਨਹੀਂ ਕੀਤਾ ਗਿਆ। ਆਮ ਤੌਰ 'ਤੇ ਰਮਜ਼ਾਨ ਦੇ ਮਹੀਨੇ 'ਚ ਮੁਸਲਿਮ ਦੇਸ਼ਾਂ 'ਚ ਹਿੰਸਕ ਸਰਗਰਮੀਆਂ ਰੁਕੀਆਂ ਰਹਿੰਦੀਆਂ ਹਨ।