ਨਿਊਯਾਰਕ (ਏਜੰਸੀ) : ਬੰਦੂਕ ਕਲਚਰ ਤੋਂ ਪਰੇਸ਼ਾਨ ਅਮਰੀਕਾ ਵਿਚ ਇਕ ਹੋਰ ਹਾਦਸਾ ਸਾਹਮਣੇ ਆਇਆ ਹੈ। ਇੱਥੇ ਇਕ 6 ਸਾਲਾ ਬੱਚੇ ਨੇ ਮਾਂ ਦੀ ਬੰਦੂਕ ਤੋਂ ਗੋਲੀ ਚਲਾ ਦਿੱਤੀ। ਗੋਲੀ ਸਿੱਧੀ ਉਸ ਦੇ 4 ਸਾਲਾ ਭਰਾ ਦੇ ਲੱਗੀ ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਘਟਨਾ ਨਿਊਜਰਸੀ ਦੀ ਹੈ। ਪੁਲਸ ਬੁਲਾਰੇ ਕੋਨੀ ਜੈਕਸਨ ਨੇ ਦੱਸਿਆ ਕਿ ਬੱਚਾ ਤੀਜੀ ਮੰਜ਼ਿਲ ਸਥਿਤ ਅਪਾਰਟਮੈਂਟ ਵਿਚ ਮਾਂ ਦੀ ਲੋਡ ਕੀਤੀ ਹੋਈ ਬੰਦੂਕ ਨਾਲ ਖੇਡ ਰਿਹਾ ਸੀ। ਅਚਾਨਕ ਗੋਲੀ ਚੱਲੀ ਅਤੇ ਛੋਟੇ ਭਰਾ ਦੇ ਸਿਰ 'ਤੇ ਲੱਗੀ। ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਨੂੰ ਮਿ੍ਰਤਕ ਐਲਾਨ ਦਿੱਤਾ। ਬੱਚੇ ਦੀ 22 ਸਾਲਾ ਮਾਂ ਇਤਿਆਨਾ ਸਪਰੂਲ ਨੂੰ ਇਸ ਮਾਮਲੇ ਵਿਚ ਗਿ੍ਰਫਤਾਰ ਕਰ ਲਿਆ ਗਿਆ ਹੈ। ਉਸ 'ਤੇ ਬੱਚੇ ਦੀ ਜ਼ਿੰਦਗੀ ਨੂੰ ਖਤਰੇ ਵਿਚ ਪਾਉਣ ਅਤੇ ਹਥਿਆਰ ਕਾਨੂੰਨ ਦੀ ਉਲੰਘਣਾ ਦਾ ਮਾਮਲਾ ਦਰਜ ਕੀਤਾ ਗਿਆ ਹੈ। ਅਮਰੀਕਾ ਵਿਚ ਛੋਟੇ ਬੱਚਿਆਂ ਦੇ ਹੱਥ ਘਾਤਕ ਹਥਿਆਰ ਲੱਗਣ 'ਤੇ ਜਾਨ ਜਾਣ ਦੀਆਂ ਕਈ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਬੀਤੇ ਮਹੀਨੇ 5 ਸਾਲ ਦੀ ਇਕ ਬੱਚੀ ਨੇ ਗਲਤੀ ਨਾਲ ਖੁਦ ਨੂੰ ਗੋਲੀ ਮਾਰ ਲਈ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਸੀ। ਉਸ ਨੂੰ ਬੰਦੂਕ ਆਪਣੀ ਦਾਦੀ ਦੇ ਬਿਸਤਰੇ ਉੱਪਰ ਪਈ ਮਿਲੀ ਸੀ। ਲਗਾਤਾਰ ਵਧਦੀਆਂ ਅਜਿਹੀਆਂ ਘਟਨਾਵਾਂ ਕਾਰਨ ਅਮਰੀਕਾ ਵਿਚ ਬੰਦੂਕਾਂ 'ਤੇ ਕੰਟਰੋਲ ਦੀ ਮੰਗ ਜ਼ੋਰ ਫੜ ਰਹੀ ਹੈ।
↧