-ਸ਼ੁਰੂ 'ਚ ਨਹੀਂ ਸਮਝ ਸਕਿਆ ਓਲੰਪਿਕ ਜਿੱਤਣ ਦਾ ਮਹੱਤਵ
ਨਵੀਂ ਦਿੱਲੀ (ਪੀਟੀਆਈ) : ਜਿਸ ਦੇਸ਼ ਵਿਚ ਓਲੰਪਿਕ ਮੈਡਲ ਜਿੱਤਣਾ ਵੱਡੀ ਉਪਲੱਬਧੀ ਹੋਵੇ ਅਤੇ ਜੇ ਕਿਸੇ ਨੇ ਲਗਾਤਾਰ ਦੋ ਓਲੰਪਿਕ ਵਿਚ ਮੈਡਲ ਜਿੱਤੇ ਹੋਣ ਤਾਂ ਉਸ ਨੂੰ ਖ਼ਾਸ ਹੀ ਕਿਹਾ ਜਾਵੇਗਾ। ਅਜਿਹੀ ਉਪਲੱਬਧੀ ਹਾਸਲ ਕਰ ਚੁੱਕੇ ਭਲਵਾਨ ਸੁਸ਼ੀਲ ਕੁਮਾਰ ਨੇ ਖ਼ੁਲਾਸਾ ਕੀਤਾ ਹੈ ਕਿ ਉਨ੍ਹਾਂ ਨੂੰ 2008 ਬੀਜਿੰਗ ਓਲੰਪਿਕ ਵਿਚ ਕਾਂਸਾ ਮੈਡਲ ਜਿੱਤਣ ਤੋਂ ਬਾਅਦ ਸਿਖਰ 'ਤੇ ਰਹਿੰਦੇ ਹੋਏ ਸੰਨਿਆਸ ਲੈਣ ਦੀ ਸਲਾਹ ਦਿੱਤੀ ਗਈ ਸੀ। 'ਮਾਈ ਓਲੰਪਿਕ ਜਰਨੀ' ਨਾਂ ਦੀ ਆਪਣੀ ਕਿਤਾਬ ਵਿਚ ਸੁਸ਼ੀਲ ਨੇ ਕਿਹਾ ਕਿ ਉਨ੍ਹਾਂ ਨੇ ਸੰਨਿਆਸ ਲੈਣ ਦੇ ਸੁਝਾਵਾਂ ਦੇ ਬਾਵਜੂਦ ਖੇਡਣਾ ਜਾਰੀ ਰੱਖਿਆ ਕਿਉਂਕਿ ਉਨ੍ਹਾਂ ਨੂੰ ਲਗਦਾ ਸੀ ਕਿ ਇਹ 'ਸ਼ੁਰੂਆਤ ਸੀ, ਅੰਤ ਨਹੀਂ' ਅਤੇ ਉਹ ਆਖ਼ਰਕਾਰ ਚਾਰ ਸਾਲ ਬਾਅਦ 2012 ਲੰਡਨ ਓਲੰਪਿਕ ਵਿਚ ਆਪਣੇ ਮੈਡਲ ਦਾ ਰੰਗ ਬਦਲਣ ਵਿਚ ਸਫਲ ਰਹੇ ਅਤੇ ਦੋ ਓਲੰਪਿਕ ਵਿਚ ਨਿੱਜੀ ਮੈਡਲ ਜਿੱਤਣ ਵਾਲੇ ਇੱਕੋ-ਇਕ ਭਾਰਤੀ ਬਣੇ। ਸੁਸ਼ੀਲ ਨੇ ਕਿਤਾਬ ਵਿਚ ਕਿਹਾ ਕਿ ਮੈਂ ਬੀਜਿੰਗ ਓਲੰਪਿਕ ਤੋਂ ਬਾਅਦ ਭਾਰਤ ਆ ਗਿਆ ਅਤੇ ਮੇਰੇ ਸ਼ੁਭ-ਚਿੰਤਕਾਂ ਨੇ ਸਿਖਰ 'ਤੇ ਰਹਿੰਦੇ ਹੋਏ ਸੰਨਿਆਸ ਲੈਣ ਦੀ ਸਲਾਹ ਦਿੱਤੀ। ਮੈਂ ਦੁਚਿੱਤੀ 'ਚ ਪੈ ਗਿਆ। ਇੰਨੇ ਸਾਲਾਂ ਬਾਅਦ ਮੈਨੂੰ ਆਖ਼ਰਕਾਰ ਮਹਿਸੂਸ ਹੋਇਆ ਕਿ ਓਲੰਪਿਕ ਮੈਡਲ ਹਾਸਲ ਕਰਨ ਦਾ ਕੀ ਮਤਲਬ ਹੈ ਅਤੇ ਉਸ ਟੀਚੇ ਨੂੰ ਹਾਸਲ ਕਰਨ ਲਈ ਕਿਸ ਚੀਜ਼ ਦੀ ਲੋੜ ਹੁੰਦੀ ਹੈ।