ਮਿਊਨਿਖ (ਰਾਇਟਰ) : ਜਰਮਨੀ ਦੇ ਸ਼ਹਿਰ ਮਿਊਨਿਖ ਦੇ ਇਕ ਮਾਲ ਵਿਚ ਸ਼ੁੱਕਰਵਾਰ ਨੂੰ ਕੀਤਾ ਗਿਆ ਹਮਲਾ ਸਨਕ ਨਹੀਂ ਬਲਕਿ ਸੋਚੀ-ਸਮਝੀ ਸਾਜ਼ਿਸ਼ ਦਾ ਨਤੀਜਾ ਸੀ। ਈਰਾਨੀ ਮੂੁਲ ਦਾ ਜਰਮਨ ਨਾਗਰਿਕ ਡੇਵਿਡ ਸੋਨਬੋਲੀ (ਖੁਦ ਨੂੰ ਅਲੀ ਕਹਿੰਦਾ ਸੀ) ਇਕ ਸਾਲ ਤੋਂ ਇਸ ਦੀ ਸਾਜ਼ਿਸ਼ ਰਚ ਰਿਹਾ ਸੀ। ਹਮਲੇ ਤੋਂ ਠੀਕ ਪਹਿਲਾਂ ਡੇਵਿਡ ਨੇ ਇਕ 16 ਸਾਲਾ ਅਫਗਾਨ ਲੜਕੇ ਨਾਲ ਮੁਲਾਕਾਤ ਕੀਤੀ ਸੀ। ਉਸ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਜਾਂਚ ਅਧਿਕਾਰੀਆਂ ਨੇ ਐਤਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਡੇਵਿਡ ਨੇ ਸਾਲ 2009 ਵਿਚ ਗੋਲੀਬਾਰੀ ਦਾ ਗਵਾਹ ਬਣੇ ਵਿਨੇਨਡੇਨ ਸ਼ਹਿਰ ਦੀ ਯਾਤਰਾ ਤੋਂ ਬਾਅਦ ਅਜਿਹੀ ਘਟਨਾ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚਣੀ ਸ਼ੁਰੂ ਕੀਤੀ ਸੀ। ਉਸ ਦੇ ਘਰੋਂ ਬਰਾਮਦ ਦਸਤਾਵੇਜ਼ ਤੋਂ ਉਸ ਦੇ ਮਨੋਰੋਗ ਹਸਪਤਾਲ ਵਿਚ ਦਾਖਲ ਹੋਣ ਦੀ ਗੱਲ ਵੀ ਸਾਹਮਣੇ ਆਈ ਹੈ। ਉਹ ਜੁਲਾਈ ਤੋਂ ਸਤੰਬਰ 2015 ਤਕ ਹਸਪਤਾਲ ਵਿਚ ਰਿਹਾ ਸੀ। ਉਸ ਦੀ ਅਫਗਾਨ ਲੜਕੇ ਨਾਲ ਇੱਥੇ ਹੀ ਮੁਲਾਕਾਤ ਹੋਈ ਸੀ। ਹਮਲਾਵਰ ਪਿਛਲੇ ਮਹੀਨੇ ਵੀ ਹਸਪਤਾਲ ਗਿਆ ਸੀ। ਅਧਿਕਾਰੀਆਂ ਮੁਤਾਬਕ ਦੋਵਾਂ ਵਿਚ ਵਾਟਸਐਪ 'ਤੇ ਹੋਈ ਗੱਲਬਾਤ ਮੁਤਾਬਕ ਅਫਗਾਨ ਲੜਕੇ ਨੂੰ ਡੇਵਿਡ ਕੋਲ ਬਲਾਕ 17 ਪਿਸਟਲ ਹੋਣ ਦੀ ਜਾਣਕਾਰੀ ਸੀ।
↧