ਭਾਜਪਾ ਐੱਮ ਪੀ ਨੇ ਰਾਜ ਸਭਾ 'ਚ ਉਠਾਇਆ ਮੁੱਦਾ, ਕਾਂਗਰਸ ਦੇ ਸੰਸਦ ਮੈਂਬਰਾਂ ਦਾ ਹੰਗਾਮਾ
ਸਵਾਮੀ ਨੇ ਕਿਹਾ, ਬਾਪੂ ਦੀ ਲਾਸ਼ ਦਾ ਪੋਸਟਮਾਰਟਮ ਨਹੀਂ ਕੀਤਾ ਗਿਆ ਸੀ
ਨਵੀਂ ਦਿੱਲੀ (ਆਈਏਐੱਨਐੱਸ) : ਭਾਜਪਾ ਸੰਸਦ ਮੈਂਬਰ ਸੁਬਰਾਮਣੀਅਮ ਸਵਾਮੀ ਨੇ ਰਾਜ ਸਭਾ 'ਚ ਮਹਾਤਮਾ ਗਾਂਧੀ ਦੀ ਹੱਤਿਆ 'ਤੇ ਚਰਚਾ ਕੀਤੇ ਜਾਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਭਾਰਤੀ ਨੈਸ਼ਨਲ ਆਰਕਾਈਵ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਾਤਮਾ ਗਾਂਧੀ ਦੀ ਲਾਸ਼ ਦਾ ਪੋਸਟਮਾਰਟਮ ਹੀ ਨਹੀਂ ਹੋਇਆ ਸੀ। ਨਾਲ ਹੀ ਉਨ੍ਹਾਂ ਨੂੰ ਤਿੰਨ ਗੋਲੀਆਂ ਲੱਗੀਆਂ ਸਨ ਜਾਂ ਚਾਰ, ਇਸ ਨੂੰ ਲੈ ਕੇ ਵੀ ਦਸਤਾਵੇਜ਼ਾਂ 'ਚ ਅਲੱਗ-ਅਲੱਗ ਜਾਣਕਾਰੀਆਂ ਹਨ। ਹਾਲਾਂਕਿ ਸਵਾਮੀ ਦੇ ਏਨਾ ਕਹਿੰਦੇ ਹੀ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸਵਾਮੀ ਅਤੇ ਕਾਂਗਰਸ ਆਗੂਆਂ 'ਚ ਤਿੱਖੀ ਬਹਿਸ ਹੋਈ।
ਸਿਫਰ ਕਾਲ 'ਚ ਇਸ ਮੁੱਦੇ ਨੂੰ ਉਠਾਉਂਦੇ ਹੋਏ ਸਵਾਮੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਗਾਂਧੀ ਜੀ ਦੀ ਹੱਤਿਆ ਸਬੰਧੀ ਬਹੁਤ ਸਾਰੀਆਂ ਫਾਈਲਾਂ ਨੂੰ ਨੈਸ਼ਨਲ ਆਰਕਾਈਵ 'ਚ ਰੱਖ ਦਿੱਤਾ ਹੈ। ਲਿਹਾਜ਼ਾ, ਉਨ੍ਹਾਂ ਨੂੰ ਵੀ ਇਨ੍ਹਾਂ ਫਾਈਲਾਂ ਨੂੰ ਦੇਖਣ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਸੰਸਦ ਮੈਂਬਰਾਂ ਸਮੇਤ ਇਸ ਬਾਰੇ ਕਈ ਲੋਕਾਂ ਵਲੋਂ ਅਪਮਾਨਜਨਕ ਟਿੱਪਣੀਆਂ ਕੀਤੀਆਂ ਜਾ ਰਹੀਆਂ ਹਨ।
ਸੁਪਰੀਮ ਕੋਰਟ ਨੂੰ ਉਨ੍ਹਾਂ ਸਾਰਿਆਂ ਨੂੰ ਸਖਤ ਚਿਤਾਵਨੀ ਦੇਣੀ ਚਾਹੀਦੀ ਹੈ। ਸਵਾਮੀ ਦੇ ਏਨਾ ਕਹਿੰਦੇ ਹੀ ਸਦਨ 'ਚ ਮੌਜੂਦ ਕਾਂਗਰਸ ਦੇ ਐੱਮਪੀ ਹੰਗਾਮਾ ਕਰਨ ਲੱਗੇ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਸੁਪਰੀਮ ਕੋਰਟ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ ਗਾਂਧੀ ਦੇ ਰਾਸ਼ਟਰੀ ਸਵੈ ਸੇਵਕ ਸੰਘ (ਆਰਐੱਸਐੱਸ) ਨੂੰ ਮਹਾਤਮਾ ਗਾਂਧੀ ਦਾ ਹੱਤਿਆਰਾ ਦੱਸਣ 'ਤੇ ਮਾਫ਼ੀ ਮੰਗਣ ਲਈ ਕਿਹਾ ਸੀ ਜਾਂ ਫਿਰ ਅਦਾਲਤੀ ਸੁਣਵਾਈ ਦਾ ਸਾਹਮਣਾ ਕਰਨ ਦੀ ਚਿਤਾਵਨੀ ਦਿੱਤੀ ਸੀ।
ਸਵਾਮੀ ਨੇ ਕਿਹਾ ਕਿ ਆਰਕਾਈਵ ਦੇ ਰਿਕਾਰਡ ਦੇਖ ਕੇ ਉਨ੍ਹਾਂ ਨੂੰ ਜੋ ਪਤਾ ਲੱਗਾ ਹੈ ਕਿ ਉਹ ਸਦਨ ਨੂੰ ਫਾਇਦਾ ਪਹੁੰਚਾਉਣਾ ਚਾਹੁਣਗੇ। ਇਸ ਆਧਾਰ 'ਤੇ ਉਹ ਤਿੰਨ ਬਿੰਦੂਆਂ ਤਕ ਪਹੁੰਚੇ ਹਨ। ਜਿਵੇਂ ਹੀ ਸਵਾਮੀ ਨੇ ਆਪਣਾ ਪਹਿਲਾ ਬਿੰਦੂ ਸਪੱਸ਼ਟ ਕਰਨਾ ਚਾਹਿਆ, ਕਾਂਗਰਸ ਆਗੂ ਆਨੰਦ ਸ਼ਰਮਾ ਕੁਝ ਕਹਿਣ ਲਈ ਖੜੇ ਹੋ ਗਏ। ਤਦ ਡਿਪਟੀ ਸਪੀਕਰ ਪੀਜੇ ਕੁਰੀਅਨ ਨੇ ਸ਼ਰਮਾ ਨੂੰ ਕਿਹਾ ਕਿ ਸਵਾਮੀ ਨੂੰ ਇਹ ਮੁੱਦਾ ਉਠਾਉਣ ਲਈ ਇਜਾਜ਼ਤ ਮਿਲੀ ਹੈ। ਉਨ੍ਹਾਂ ਨੇ ਸ਼ਰਮਾ ਨੂੰ ਸਲਾਹ ਦਿੱਤੀ ਕਿ ਇਤਰਾਜ਼ ਉਠਾਉਣ ਤੋਂ ਪਹਿਲਾਂ ਸਵਾਮੀ ਦੀ ਗੱਲ ਤਾਂ ਸੁਣ ਲੈਣ। ਸਵਾਮੀ ਨੇ ਸਿਰਫ ਸੁਪਰੀਮ ਕੋਰਟ ਦੇ ਕੁਝ ਹੁਕਮਾਂ ਦਾ ਜ਼ਿਕਰ ਕੀਤਾ ਹੈ ਪਰ ਉਨ੍ਹਾਂ ਨੇ ਕਿਸੇ ਦਾ ਨਾਂ ਨਹੀਂ ਲਿਆ।