ਕੁਲਵਿੰਦਰ ਕਾਜਲ, ਫੱਤੂਢੀਂਗਾ : ਸਥਾਨਕ ਫੱਤੂਢੀਂਗਾ ਕਪੂਰਥਲਾ ਮੁੱਖ ਮਾਰਗ ਤੋਂ ਕਮਿਊਨਿਟੀ ਹੈਲਥ ਸੈਂਟਰ ਨੂੰ ਜਾਣ ਵਾਲੀ ਸੜਕ ਦੀ ਦੁਰਦਸ਼ਾ ਤੋਂ ਲੋਕਾਂ ਨੇ ਨਿਜ਼ਾਤ ਦਿਵਾਉਣ ਦੀ ਮੰਗ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸੜਕ ਪਿੰਡ ਦੇ ਦੋ ਮੁੱਖ ਸਕੂਲਾਂ ਅਤੇ ਕਮਿਊਨਿਟੀ ਹੈਲਥ ਸੈਂਟਰ ਨੂੰ ਜਾਂਦੀ ਹੈ। ਇਸ ਸੜਕ ਉੱਪਰੋਂ ਰੋਜ਼ਾਨਾ ਸਕੂਲਾਂ ਲਈ ਜਾਣ ਵਾਲੇ ਵਿਦਿਆਰਥੀ, ਅਧਿਆਪਕ ਅਤੇ ਮਰੀਜ਼ਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਹੈ। ਪਰ ਇਸ ਸੜਕ ਵਿਚ ਬਹੁਤ ਹੀ ਵੱਡੇ ਟੋਏ ਪਏ ਹੋਣ ਕਾਰਨ ਇੱਥੋਂ ਲੰਘਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ। ਪਰ ਬਰਸਾਤ ਦੇ ਦਿਨਾਂ ਦੌਰਾਨ ਇਨ੍ਹਾਂ ਟੋਇਆਂ ਵਿਚ ਭਰੇ ਬਰਸਾਤੀ ਪਾਣੀ ਕਾਰਨ ਇਹ ਟੋਏ ਵੱਡੇ ਛੱਪੜਾਂ ਦਾ ਰੂਪ ਅਖ਼ਤਿਆਰ ਕਰ ਚੁੱਕੇ ਹਨ। ਇਸ ਹਾਲਾਤ ਵਿਚ ਵਿਦਿਆਰਥੀਆਂ ਅਤੇ ਟੀਚਰਾਂ ਦਾ ਸਕੂਲ ਅਤੇ ਮਰੀਜ਼ਾਂ ਦਾ ਕਮਿਊਨਿਟੀ ਹੈਲਥ ਸੈਂਟਰ ਤਕ ਪੁੱਜਣਾ ਬੇਹੱਦ ਜ਼ੋਖ਼ਮ ਭਰਿਆ ਹੋ ਚੁੱਕਾ ਹੈ। ਕਈ ਵਾਰ ਸਕੂਲੀ ਵਿਦਿਆਰਥੀ ਇਨ੍ਹਾਂ ਟੋਇਆਂ 'ਚ ਡਿੱਗ ਕੇ ਆਪਣੇ ਕੱਪੜੇ ਗੰਦੇ ਕਰ ਚੁੱਕੇ ਹਨ ਅਤੇ ਜ਼ਖ਼ਮੀ ਵੀ ਹੋ ਚੁੱਕੇ ਹਨ।
ਲੋਕਾਂ ਦੀ ਮੰਗ ਹੈ ਕਿ ਸਰਕਾਰ ਇਸ ਪਾਸੇ ਤੁਰੰਤ ਧਿਆਨ ਦੇ ਕੇ ਲੋਕਾਂ ਨੂੰ ਇਸ ਨਰਕ ਵਰਗੀ ਸਥਿਤੀ ਤੋਂ ਨਿਜ਼ਾਤ ਦਿਵਾਵੇ।
ਇਸ ਮੌਕੇ ਸਰਪੰਚ ਬਗੀਚਾ ਸਿੰਘ, ਸੁਖਵਿੰਦਰ ਸਿੰਘ, ਕੁਲਦੀਪ ਸਿੰਘ, ਸ਼ਮਸ਼ੇਰ ਸਿੰਘ, ਚਰਨ ਸਿੰਘ, ਰਜਿੰਦਰ ਕੌਰ, ਕਮਲੇਸ਼ ਰਾਣੀ, ਕੁਲਦੀਪ ਸਿੰਘ ਪੰਚ, ਸਮਾਜ ਵੈੱਲਫੇਅਰ ਸੁਸਾਇਟੀ ਦੇ ਕੈਸ਼ੀਅਰ ਸ਼ਮਸ਼ੇਰ ਸਿੰਘ, ਮੀਤ ਪ੍ਰਧਾਨ ਡਾ. ਕੁਲਦੀਪ ਸਿੰਘ, ਬਲਵਿੰਦਰ ਸਿੰਘ ਆਦਿ ਅਹੁਦੇਦਾਰਾਂ ਤੋਂ ਇਲਾਵਾ ਵੱਡੀ ਗਿਣਤੀ ਪਿੰਡ ਵਾਸੀ ਵੀ ਮੌਜੂਦ ਸਨ।